ਅੰਮ੍ਰਿਤਸਰ: ਹਲਕਾ ਮਜੀਠਾ ਦੇ ਪਿੰਡ ਮੱਤੇਵਾਲ 'ਚ ਉਸ ਸਮੇਂ ਸੋਗ ਦੀ ਲਹਿਰ ਦੌੜ ਪਈ, ਜਦੋਂ ਦੁਬਈ ਵਿੱਚ ਨੌਕਰੀ ਕਰਦੇ ਇਥੋਂ ਦੇ ਇੱਕ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ। ਪਿੰਡ ਮੱਤੇਵਾਲ ਦਾ ਰਹਿਣ ਵਾਲਾ ਜੋਬਨਪ੍ਰੀਤ ਜੋ ਕਿ ਪਰਿਵਾਰ ਦੀ ਗਰੀਬੀ ਦੂਰ ਕਰਨ ਲਈ ਦੁਬਈ ਵਿੱਚ ਨੌਕਰੀ ਕਰਨ ਗਿਆ ਸੀ। ਜੋ ਕਿ ਦੁਬਈ ਵਿੱਚ ਟ੍ਰਾਲਾ ਚਲਾਉਂਦਾ ਸੀ ਅਤੇ ਟ੍ਰਾਲਾ ਲੈਕੇ ਸਉਦੀ ਅਰਬ ਜਾ ਰਿਹਾ ਸੀ ਕਿ ਅਚਾਨਕ ਰਸਤੇ ਵਿੱਚ ਟ੍ਰਾਲਾ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਜੋਬਨਪ੍ਰੀਤ ਦੀ ਮੌਤ ਹੋ ਗਈ।
ਇਸ ਸਬੰਧੀ ਮ੍ਰਿਤਕ ਨੌਜਵਾਨ ਦੇ ਭਰਾ ਦਾ ਕਹਿਣਾ ਕਿ ਉਸ ਨੂੰ ਪਹਿਲਾਂ ਵਿਦੇਸ਼ ਤੋਂ ਕਿਸੇ ਦਾ ਫੋਨ ਆਇਆ ਕਿ ਉਸ ਦੇ ਭਰਾ ਦਾ ਐਕਸੀਡੈਂਟ ਹੋ ਗਿਆ। ਉਨ੍ਹਾਂ ਦੱਸਿਆ ਕਿ ਕੁਝ ਦੇਰ ਬਾਅਦ ਦੁਆਰਾ ਫੋਨ ਆਇਆ ਤਾਂ ਉਨ੍ਹਾਂ ਦੱਸਿਆ ਕਿ ਉਸਦੇ ਭਰਾ ਜੋਬਨਪ੍ਰੀਤ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਮ੍ਰਿਤਕ ਦੇ ਚਾਚੇ ਨੇ ਦੱਸਿਆ ਕਿ ਕਰੀਬ ਚਾਰ ਪੰਜ ਸਾਲ ਤੋਂ ਨੌਜਵਾਨ ਵਿਦੇਸ਼ ਗਿਆ ਸੀ। ਇਸ ਹਾਦਸੇ ਤੋਂ ਬਾਅਦ ਪਰਿਵਾਰ ਨੇ ਸਰਕਾਰਾਂ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਬੱਚੇ ਦੀ ਮ੍ਰਿਤਕ ਦੇਹ ਪਿੰਡ ਲਿਆਉਂਦੀ ਜਾਵੇ ਤਾਂ ਜੋ ਉਹ ਆਪਣੇ ਪੁੱਤ ਨੂੰ ਆਖਰੀ ਵਾਰ ਦੇਖ ਸਕਣ।
ਇਸ ਸਬੰਧੀ ਪਿੰਡ ਵਾਸੀਆਂ ਦਾ ਕਹਿਣਾ ਕਿ ਪਰਿਵਾਰ ਦੀ ਘਰ ਦੀ ਹਾਲਤ ਠੀਕ ਨਹੀਂ ਹੈ। ਉਨ੍ਹਾਂ ਕਿਹਾ ਕਿ ਚੰਗੇ ਭਵਿੱਖ ਦੀ ਆਸ ਲੈਕੇ ਹੀ ਨੌਜਵਾਨ ਵਿਦੇਸ਼ ਗਿਆ ਸੀ, ਪਰ ਉਥੇ ਉਸ ਦਾ ਟਰਾਲਾ ਹਾਦਸਾਗ੍ਰਸਤ ਹੋ ਗਿਆ। ਪਿੰਡ ਵਾਸੀਆਂ ਵਲੋਂ ਵੀ ਸਰਕਾਰ ਤੋਂ ਪਰਿਵਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ।
ਇਹ ਵੀ ਪੜ੍ਹੋ:ਵੈਕਸੀਨ ਲਈ ਪੰਜਾਬ ਨੂੰ ਕੇਂਦਰ ਅੱਗੇ ਹੀ ਕਰਨੇ ਪੈਣਗੇ ਤਰਲੇ !