ਅੰਮ੍ਰਿਤਸਰ: ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਨਤਮਸਤਕ ਹੋਏ। ਇਸ ਤੋਂ ਬਾਅਦ ਡੀਜੀਪੀ ਗੌਰਵ ਯਾਦਵ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਮੈਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਆਇਆ ਹਾਂ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਹਲਾਤ ਬਿਲਕੁਲ ਠੀਕ ਹਨ। ਕਿਸੇ ਨੂੰ ਵੀ ਡਰਨ ਦੀ ਕੋਈ ਲੋੜ ਨਹੀਂ ਹੈ। ਗੌਰਵ ਯਾਦਵ ਨਾਲ ਇਸ ਮੌਕੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਵੀ ਮੌਜੂਦ ਸਨ।
ਜੋ ਕਾਨੂੰਨ ਨੂੰ ਲੋੜੀਂਦਾ, ਉਸ ਦੀ ਗ੍ਰਿਫ਼ਤਾਰੀ ਹੋਵੇਗੀ: ਡੀਜੀਪੀ ਨੇ ਕਿਹਾ ਧਾਰਮਿਕ ਸਥਾਨਾਂ ਦੀ ਵਰਤੋਂ ਆਪਣੇ ਨਿੱਜੀ ਕਾਰਨਾਂ ਕਰਕੇ ਨਹੀਂ ਕਰਨੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਧਰਮ ਅਸਥਾਨਾਂ ਉੱਤੇ ਧਰਮ ਗ੍ਰੰਥਾਂ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ। ਅਸੀਂ ਪੰਜਾਬ ਵਿੱਚ ਅਮਨ ਸ਼ਾਂਤੀ ਅਤੇ ਭਾਈਚਾਰੇ ਨੂੰ ਕਾਇਮ ਰੱਖਾਂਗੇ। ਉਨ੍ਹਾਂ ਕਿਹਾ ਕਿ ਜਿਹੜੇ ਸ਼ਰਾਰਤੀ ਅਨਸਰ ਹਨ, ਉਨ੍ਹਾਂ ਨਾਲ ਪੰਜਾਬ ਪੁਲਿਸ ਸਖ਼ਤੀ ਨਾਲ ਪੇਸ਼ ਆਵੇਗੀ। ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਕਿ ਉਹ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰੇ ਨੂੰ ਭੰਗ ਕਰਨ ਦੀ ਕੋਸ਼ਿਸ਼ ਵੀ ਕਰਨ। ਡੀਜੀਪੀ ਨੇ ਕਿਹਾ ਕਿ ਫਿਰ ਚਾਹੇ, ਫਿਰ ਚਾਹੇ ਪਾਕਿਸਤਾਨ ਕਿਉਂ ਨਾ ਹੋਵੇ। ਗੌਰਵ ਯਾਦਵ ਨੇ ਕਿਹਾ ਕਿ ਜੋ ਵੀ ਵਿਅਕਤੀ ਕਾਨੂੰਨ ਨੂੰ ਲੋੜੀਂਦਾ ਹੈ, ਉਸ ਨੂੰ ਅਸੀਂ ਗ੍ਰਿਫ਼ਤਾਰ ਕਰਾਂਗੇ, ਫਿਰ ਚਾਹੇ ਉਹ ਕੋਈ ਵੀ ਹੈ।
ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਨਹੀਂ ਹੋਣ ਦਵਾਂਗੇ: ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਜਿਹੜੇ ਵੀ ਸ਼ਰਾਰਤੀ ਅਨਸਰ ਹਨ, ਜਿਨ੍ਹਾਂ ਨੂੰ ਪਿੱਛੇ ਬਾਹਰਲੀ ਤਾਕਤ ਆਈਐਸਆਈ ਦਾ ਸਪੋਰਟ ਹੈ, ਉਹ ਲੋਕ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਉਨ੍ਹਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ। ਡੀਜੀਪੀ ਨੇ ਕਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਨੂੰ ਪੰਜਾਬੀ ਅਤੇ ਪੰਜਾਬ ਪੁਲਿਸ ਮਿਲ ਕੇ, ਇਸ ਨੂੰ ਡਿਸਟਰਬ ਨਹੀਂ ਹੋਣ ਦਿਆਂਗੇ। ਡੀਜੀਪੀ ਨੇ ਕਿਹਾ ਪੰਜਾਬ ਦੀ ਪੁਲਿਸ ਕਾਨੂੰਨ ਨੂੰ ਲੈਕੇ ਪੂਰੀ ਤਰਾਂ ਜ਼ਿੰਮੇਵਾਰ ਪੁਲਿਸ ਹੈ। ਉਨ੍ਹਾਂ ਕਿਹਾ ਸਭ ਕੋਲ ਆਪਣੇ ਲੀਗਲ ਰਾਇਟ ਹਨ, ਜੋ ਕਿ ਦੇਸ਼ ਦਾ ਕਾਨੂੰਨ ਵੀ ਹੈ।
ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਵਿੱਚ ਘੁੰਮੋ, ਫਿਰੋ ਤੇ ਦੇਖੋ ਪੰਜਾਬ ਦੇ ਹਲਾਤ ਬਿਲਕੁਲ ਠੀਕ ਹੈ। ਜੋ ਵਿਦੇਸ਼ਾਂ ਵਿੱਚ ਬੈਠੇ ਹਨ, ਉਹ ਵੀ ਇੱਥੇ ਆ ਕੇ ਵੇਖਣ ਕਿ ਪੰਜਾਬ ਵਿੱਚ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਬਰਕਰਾਰ ਹੈ। ਜੇਕਰ ਕਿਸੇ ਵੀ ਮਾਮਲੇ ਵਿਚ ਕੋਈ ਗ਼ਲਤਫਹਿਮੀ ਹੈ, ਤਾਂ ਉਸ ਨੂੰ ਦੂਰ ਕੀਤਾ ਜਾ ਸਕਦਾ ਹੈ।
ਪੁਲਿਸ ਕਮਿਸ਼ਨਰ ਨੇ ਕੀਤੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ: ਉੱਥੇ ਹੀ, ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਮਿਲਣ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਜਦੋਂ ਦੀ ਮੈਂ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਦੀ ਡਿਊਟੀ ਸਾਂਭੀ ਹੈ, ਮੇਰੀ ਮੁਲਾਕਾਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਨਹੀਂ ਹੋਈ ਸੀ। ਪਰ, ਤਰਾਂ ਦੇ ਹਵਾਲੇ ਤੋਂ ਇਹ ਵੀ ਖ਼ਬਰ ਹੈ ਕਿ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਵੱਲੋ ਜੱਥੇਦਾਰ ਨਾਲ਼ ਪੰਜਾਬ ਦੇ ਹਲਾਤ ਨੂੰ ਲੈ ਕੇ ਚਰਚਾ ਕੀਤੀ ਗਈ ਹੈ। ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਕਿਹਾ ਕਿ ਡੀਜੀਪੀ ਵੱਲੋ ਅੰਮ੍ਰਿਤਸਰ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਕਿਹਾ ਕਿ ਡੀਜੀਪੀ ਬਹੁਤ ਖੁਸ਼ ਹਨ। ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾਣਗੇ।
ਇਹ ਵੀ ਪੜ੍ਹੋ: Punjab Cabinet Meeting: ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ, ਜਲੰਧਰ ਜ਼ਿਮਨੀ ਚੋਣਾਂ ਨੂੰ ਲੈ ਕੇ ਹੋ ਸਕਦੀ ਐ ਚਰਚਾ