ਅੰਮ੍ਰਿਤਸਰ: ਪੰਜਾਬ 'ਚ ਹਾੜੀ ਦੀ ਫਸਲ ਪੱਕ ਕੇ ਤਿਆਰ ਹੋ ਚੁੱਕੀ ਹੈ। ਕਿਸਾਨਾਂ ਨੇ ਆਪਣੇ ਬੱਚਿਆਂ ਵਾਗ ਪਾਲੀ ਫਸਲ ਨੂੰ ਲੈ ਕੇ ਕਰਫਿਊ ਕਾਰਨ ਚਿੰਤਾਂ ਵਿੱਚ ਹਨ। ਕੋਰੋਨਾ ਵਾਇਰਸ ਤੋਂ ਬਚਾਅ ਲਈ ਸੂਬੇ ਵਿੱਚ ਕਰਫਿਊ ਲੱਗਿਆ ਹੋਇਆ ਹੈ। ਜਿਸ ਕਾਰਨ ਕਿਸਾਨਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਨਰਾ ਪੈ ਰਿਹਾ ਹੈ।
ਮਾਝੇ ਦੇ ਕਿਸਾਨਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਇਸ ਕਰਫਿਊ ਕਾਰਨ ਖੇਤੀ ਸਬੰਧੀ ਭਾਰੀ ਦਿੱਕਤਾਂ ਦਾ ਸਾਹਣਮਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਕਰਫਿਊ ਕਾਰਨ ਖੇਤਾਂ ਵਿੱਚ ਕੰਮ ਕਰਨ ਲਈ ਮਜ਼ਦੂਰ ਨਹੀਂ ਮਿਲ ਰਹੇ।
ਕਿਸਾਨ ਗੁਰਬਚਨ ਸਿੰਘ ਚੱਬਾ ਨੇ ਦੱਸਿਆ ਕਿ ਕਣਕ ਦੀ ਫਸਲ ਤਿਆਰ ਹੈ ਅਤੇ ਇਸ ਦੀ ਵਾਢੀ ਲਈ ਉਨ੍ਹਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਨਾ ਤਾਂ ਉਨ੍ਹਾਂ ਨੂੰ ਮਜ਼ਦੂਰ ਮਿਲ ਰਹੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਮਸ਼ੀਨਰੀ ਮਿਲ ਰਹੀ ਹੈ।
ਉਨ੍ਹਾਂ ਕਿਹਾ ਕਿ ਕਣਕ ਦੀ ਵਾਢੀ ਲਈ ਪੰਜਾਬ 'ਚੋਂ ਬਾਹਰਲੇ ਸੂਬਿਆਂ ਨੂੰ ਕੰਬਾਇਨਾਂ ਗਈਆਂ ਹੋਈਆਂ ਹਨ, ਜੋ ਕਿ 'ਤਾਲਾਬੰਦੀ' ਕਾਰਨ ਉੱਥੇ ਹੀ ਫਸ ਗਈਆਂ ਹਨ। ਇਸ ਕਾਰਨ ਪੰਜਾਬ ਤੇ ਖ਼ਾਸ ਕਰ ਮਾਝੇ ਵਿੱਚ ਕਣਕ ਦੀ ਵਾਢੀ ਸਬੰਧੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸੇ ਤਰ੍ਹਾਂ ਹੀ ਇੱਕ ਹੋਰ ਕਿਸਾਨ ਨੇ ਕਿਹਾ ਕਿ ਸੀਜ਼ਨ ਸ਼ੁਰੂ ਹੋ ਰਿਹਾ ਹੈ, ਜਿਸ ਵਿੱਚ ਖੇਤੀ ਮਸ਼ੀਨਰੀ ਦੀ ਵਰਤੋਂ ਹੋਣੀ ਹੈ। ਇਸ ਕਰਫਿਊ ਦੌਰਾਨ ਸਭ ਕੁਝ ਬੰਦ ਹੈ, ਜਿਸ ਕਾਰਨ ਉਨ੍ਹਾਂ ਆਪਣੀ ਮਸ਼ੀਨਰੀ ਦੀ ਮੁਰੰਮਤ ਕਰਵਾਉਣ ਸਬੰਧੀ ਭਾਰੀ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਜਲਦ ਹੱਲ ਕਰਨ ਦੀ ਮੰਗ ਕੀਤੀ ਹੈ।