ਅੰਮ੍ਰਿਤਸਰ : ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਵੱਲੋਂ ਅੱਜ ਅੰਮ੍ਰਿਤਸਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਭ ਤੋਂ ਝੂਠੇ ਮੁੱਖ ਮੰਤਰੀ ਹਨ ਕਿਉਂਕਿ ਜਦੋਂ 2017 ਵਿੱਚ ਚੋਣਾਂ ਸਨ ਤਦ ਵੀ ਪ੍ਰਸ਼ਾਂਤ ਕਿਸ਼ੋਰ ਨੂੰ ਇਨ੍ਹਾਂ ਵੱਲੋਂ ਝੂਠ ਬੋਲਣ ਲਈ ਹਾਇਰ ਕੀਤਾ ਗਿਆ ਸੀ ਤੇ ਹੁਣ ਇਕ ਵਾਰ ਫਿਰ ਤੋਂ ਪ੍ਰਸ਼ਾਂਤ ਕਿਸ਼ੋਰ ਨੂੰ ਦੁਬਾਰਾ ਤੋਂ ਪੰਜਾਬ ਦੇ ਪੈਸੇ ਦਾ ਇਸਤੇਮਾਲ ਕਰਦੇ ਹੋਏ ਝੂਠ ਬੋਲਣ ਲਈ ਪੈਸੇ ਖਰਚੇ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਲਗਾਤਾਰ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਵੀ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਉਨ੍ਹਾਂ ਵੱਲੋਂ ਲਾਇਆ ਵੈਟ ਘਟਾ ਕੇ ਲੋਕਾਂ ਨੂੰ ਰਾਹਤ ਨਹੀਂ ਦਿੱਤੀ ਜਾ ਰਹੀ।
ਉਨ੍ਹਾਂ ਕਿਹਾ ਕਿ ਜੋ ਹੁਣ ਪੁਰਾਣੀਆਂ ਅਤੇ ਨਵੀਆਂ ਗੱਡੀਆਂ ਨੂੰ ਖਰੀਦਣ ਵਾਸਤੇ ਟੈਕਸ ਦਾ ਵਧਾਇਆ ਗਿਆ ਹੈ ਉਹ ਵੀ ਕਿਤੇ ਨਾ ਕਿਤੇ ਆਮ ਲੋਕਾਂ ਦੀ ਜੇਬ ਉੱਤੇ ਡਾਕਾ ਹੈ।
ਲੋਕਲ ਬਾਡੀਜ਼ ਦੀਆਂ ਚੋਣਾਂ 'ਚ ਹਾਰ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰ ਇੱਕ ਹੀਲਾ ਵਸੀਲਾ ਵਰਤ ਕੇ ਜਿੱਤ ਪ੍ਰਾਪਤ ਕੀਤੀ ਹੈ ਜਿਸ ਲਈ ਸਰਕਾਰੀ ਤੰਤਰ ਦਾ ਰੱਜ ਕੇ ਦੁਰਉਪਯੋਗ ਕੀਤਾ ਗਿਆ ਹੈ