ਅੰਮ੍ਰਿਤਸਰ: ਪੂਰੇ ਪੰਜਾਬ ਵਿੱਚ ਪੰਜਾਬ ਰੈਵੀਨਿਊ ਪਟਵਾਰ ਯੂਨੀਅਨ ਵੱਲੋਂ ਪੰਜਾਬ ਭਰ ਵਿਚ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਅੰਮ੍ਰਿਤਸਰ ਦੇ ਡੀਸੀ ਕਮਪਲੈਕਸ ਦੇ ਬਾਹਰ ਪਟਵਾਰੀ ਅਤੇ ਕਾਨਗੋ ਯੂਨੀਅਨ ਵੱਲੋਂ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਪਟਵਾਰੀਆਂ ਨੇ ਆਪਣੀਆਂ ਮੰਗਾਂ ਦੇ ਬਾਰੇ ਦੱਸਿਆ ਕਿ ਪੰਜਾਬ ਸਰਕਾਰ ਨੇ ਮਾਲ ਪਟਵਾਰੀ ਦੀਆਂ ਅਸਾਮੀਆਂ ਦਾ ਪੁਨਰਗਠਨ ਕਰਦੇ ਹੋਏ ਪਟਵਾਰੀਆਂ ਦੀਆਂ ਪੰਜਾਬ ਵਿੱਚ ਅਸਾਮੀਆਂ ਦੀ ਗਿਣਤੀ 4716 ਤੋਂ ਘਟਾ ਕੇ 3660 ਕਰ ਦਿੱਤੀ ਹੈ।
ਜਿਸ ਨਾਲ ਲਗਭਗ 1056 ਪਟਵਾਰੀ ਦੀਆਂ ਪੋਸਟਾਂ ਖ਼ਤਮ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਸੱਤਾ ਵਿਚ ਆਉਣ ਵੇਲੇ ਕਿਹਾ ਸੀ ਸਾਡੀ ਸਰਕਾਰ ਮੁਲਾਜਮਾਂ ਦੇ ਹਿੱਤਾਂ ਲਈ ਕੰਮ ਕਰੇਗੀ। ਪਰ ਇਹ ਆਪਣੇ ਵਾਅਦਿਆਂ ਤੋਂ ਭੱਜਦੀ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 13 ਜਿਲਿਆਂ ਤੋਂ 23 ਅਤੇ ਤਹਿਸੀਲਾਂ 62 ਤੋਂ 96 ਬਣ ਚੁੱਕੀਆਂ ਹਨ।
ਬੀਤੇ ਸਾਲਾਂ ਵਿੱਚ ਪੰਜਾਬ ਦਾ ਸ਼ਹਿਰੀ ਕਰਨ ਹੋਣ ਤੇ ਨਵੇਂ ਜਿਲ੍ਹੇ ਤੇ ਤਹਿਸੀਲਾਂ ਬਣਨ ਨਾਲ ਗਰਾਊਂਡ ਲੈਵਲ ਤੇ ਪਟਵਾਰੀ ਦਾ ਕੰਮ ਘਟਣ ਦੀ ਬਜਾਏ ਵੱਧ ਚੁੱਕਾ ਹੈ। ਜਿਵੇਂ ਕਿ ਪੰਜਾਬ ਤੇ ਭਾਰਤ ਸਰਕਾਰ ਦੀਆਂ ਨਵੀਆਂ ਸਕੀਮਾਂ ਜਿਵੇਂ ਮਾਲ ਰਿਕਾਰਡ ਆਨਲਾਈਨ ਕਾਰਨ, ਪ੍ਰਧਾਨ ਮੰਤਰੀ ਜਨ ਧਨ ਯੋਜਨਾ, ਆਯੁਸ਼ਮਾਨ ਸਕੀਮ, ਲਾਲ ਲਕੀਰ ਦੀ ਮਾਲਕੀ ਕਾਇਮ ਕਰਨ ਆਦਿਕ ਨਾਲ ਪਟਵਾਰੀ ਦਾ ਕੰਮ ਬਹੁਤ ਵਧ ਚੁੱਕਿਆ ਹੈ।
ਅਸਾਮੀਆਂ ਦੀ ਗਿਣਤੀ ਵਧਾਉਣ ਦੀ ਬਜਾਏ ਘਟਾਉਣ ਕਾਰਨ ਸਰਕਾਰ ਦਾ ਬੇਰੋਜ਼ਗਾਰੀ ਨੂੰ ਵਧਾਉਣ ਪ੍ਰਤੀ ਵੀ ਹਾਂ ਪੱਖੀ ਹੁੰਘਾਰਾ ਮਿਲਿਆ ਹੈ। ਇਹ ਆਸਾਮੀਆਂ ਘਟਾਉਣ ਦਾ ਪ੍ਰਕਿਰਿਆ ਭਾਵੇਂ 2019 ਵਿੱਚ ਸ਼ੁਰੂ ਹੋਇਆ ਪਰ ਇਸ ਨੂੰ ਲਾਗੂ ਕਰਨ ਵਾਲੀ ਮੌਜੂਦਾ ਸਰਕਾਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੌਜਵਾਨਾਂ ਦੇ ਹੱਕਾਂ 'ਤੇ ਡਾਕਾ ਮਾਰਦੀ ਪਈ ਹੈ। ਰਿਟਾਇਰ ਪਟਵਾਰੀਆਂ ਨੂੰ ਦੁਬਾਰਾ ਕਮਾਂ ਤੇ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਦੇ ਖਿਲਾਫ ਪਿਛਲ੍ਹੇ ਕਾਫੀ ਸਮੇਂ ਤੋਂ ਰੋਸ ਪ੍ਰਦਰਸ਼ਨ ਕਰਦੇ ਆ ਰਹੇ ਹਾਂ।
ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਇਸ ਫੈਸਲੇ ਦਾ ਸਖ਼ਤ ਵਿਰੋਧ ਕੀਤਾ ਜਾਂਦਾ ਹੈ ਤੇ ਨਾਲ ਹੀ ਇਹ ਚੇਤਾਵਨੀ ਵੀ ਦਿੱਤੀ ਜਾਂਦੀ ਹੈ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨਿਆ ਗਈਆਂ ਤੇ ਤਾਂ ਆਉਣ ਵਾਲੇ ਦਿਨ੍ਹਾਂ ਵਿੱਚ ਜਥੇਬੰਦੀ ਸੂਬਾ ਪੱਧਰੀ ਮੀਟਿੰਗ ਕਰਕੇ ਕੋਈ ਸਖ਼ਤ ਫੈਸਲਾ ਲੈਣ ਲਈ ਮਜ਼ਬੂਰ ਹੋਵੇਗੀ।
ਇਹ ਵੀ ਪੜ੍ਹੋ: ਫ਼ਰੀਦਕੋਟ ਸ਼ਹਿਰ ਦੀ ਆਰਾ ਮਾਰਕੀਟ ਅਤੇ ਨਵਾਂਸ਼ਹਿਰ ਦਾ ਪਿੰਡ ਲਾਲੇਵਾਲ ਅਫ਼ਰੀਕਨ ਸਵਾਈਨ ਫ਼ੀਵਰ ਨਾਲ ਪ੍ਰਭਾਵਿਤ