ਅੰਮ੍ਰਿਤਸਰ: ਜਲੰਧਰ ਅੰਮ੍ਰਿਤਸਰ ਮੁੱਖ ਮਾਰਗ ਉੱਤੇ ਕਸਬਾ ਰਈਆ ਵਿੱਚ ਬਣ ਰਹੇ ਫਲਾਈਓਵਰ ਦਾ ਕੁਝ ਸਮਾਪਤੀ ਹਿੱਸਾ ਮਿੱਟੀ ਉੱਤੇ ਅਧਾਰਿਤ ਪੁੱਲ ਦਾ ਬਣਾਏ ਜਾਣ ਦਾ ਵਿਰੋਧ ਕਰਦਿਆਂ ਬੀਤੇ 73 ਦਿਨਾਂ ਤੋਂ ਸਥਾਨਕ ਦੁਕਾਨਦਾਰਾਂ ਅਤੇ ਵੱਖ ਵੱਖ ਕਿਸਾਨ ਜਥੇਬੰਦੀਆਂ ਵਲੋਂ ਲਗਾਤਾਰ ਹਾਈਵੇ ਕਿਨਾਰੇ ਸ਼ਾਂਤਮਈ ਧਰਨਾ ਜਾਰੀ ਹੈ। ਇਸ ਧਰਨੇ ਵਿੱਚ ਹੁਣ ਤੱਕ ਬਿਜਲੀ ਮੰਤਰੀ ਪੰਜਾਬ ਹਰਭਜਨ ਸਿੰਘ ਈ ਟੀ ਓ ਤੋ ਇਲਾਵਾ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਡਿੰਪਾ, ਲੋਕ ਸਭਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ, ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ।ਸ਼ਮੂਲੀਅਤ ਕਰ ਚੁੱਕੇ ਹਨ ਪਰ ਮਸਲੇ ਦਾ ਕੋਈ ਅੱਜ ਤੱਕ ਸਾਰਥਕ ਹੱਲ ਨਹੀਂ ਨਿਕਲਿਆ।
ਸਮੱਸਿਆ ਦੇ ਹੱਲ ਦਾ ਭਰੋਸਾ: ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਸਮੇਤ ਵੱਖ ਵੱਖ ਰਾਜਨੀਤਿਕ ਆਗੂਆਂ ਵਲੋਂ ਉਨ੍ਹਾਂ ਨੂੰ 570 ਮੀਟਰ ਪੁੱਲ ਨੂੰ ਅੱਗੇ ਵਧਾਉਣ ਲਈ ਕੇਂਦਰ ਨਾਲ ਰਾਬਤਾ ਕਰਨ ਦਾ ਭਰੋਸਾ ਦਿੱਤਾ ਗਿਆ।ਦੂਜੇ ਪਾਸੇ ਮੌਕੇ ਉੱਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਹਰਪਾਲ ਸਿੰਘ ਨੇ ਕਿਹਾ ਕਿ ਬੀਤੇ ਦਿਨ ਸੰਗਰੂਰ ਤੋਂ ਲੋਕ ਸਭਾ ਸਾਂਸਦ ਸਿਮਰਨਜੀਤ ਸਿੰਘ ਮਾਨ ਨੇ ਮੋਰਚੇ ਵਿੱਚ ਪਹੁੰਚੇ ਕੇ ਸਮੱਸਿਆ ਦੇ ਹੱਲ ਦਾ ਭਰੋਸਾ ਦਿੱਤਾ ਸੀ।
ਨਿਤਿਨ ਗਡਕਰੀ ਕੋਲ ਚੁੱਕਿਆ ਮੁੱਦਾ: ਹਰਪਾਲ ਸਿੰਘ ਨੇ ਕਿਹਾ ਕਿ ਸਿਮਰਨਜੀਤ ਮਾਨ ਨੇ ਆਪਣੇ ਵਾਅਦੇ ਨੂੰ ਪੂਰੀ ਕਰਦਿਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਗੱਲ ਕੀਤੀ ਸੀ ਅਤੇ ਹੁਣ ਨਿਤਿਨ ਗਡਕਰੀ ਨੇ ਉਨ੍ਹਾਂ ਨੂੰ ਸਮੱਸਿਆ ਦੇ ਹੱਲ ਦਾ ਲਿਖਤੀ ਭਰੋਸਾ ਦਿੱਤਾ ਹੈ। ਉਨ੍ਹਾਂ ਸਰਕਾਰੀ ਕਾਗਜ਼ ਵਿਖਾਉਂਦਿਆਂ ਕਿਹਾ ਕਿ ਬਾਕੀ ਪਾਰਟੀਆਂ ਨੇ ਪੁੱਲ ਖ਼ਿਲਾਫ਼ ਲੱਗੇ ਮੋਰਚੇ ਵਿੱਚ ਸਿਰਫ਼ ਸਿਆਸਤ ਕੀਤੀ ਜਦਕਿ ਸਿਮਰਨਜੀਤ ਸਿੰਘ ਮਾਨ ਨੇ ਮੁੱਦਾ ਨਿਤਿਨ ਗਡਕਰੀ ਕੋਲ ਚੁੱਕਿਆ ਹੈ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਉਹ ਅੰਤ ਤੱਕ ਮਸਲੇ ਦੇ ਹੱਲ ਲਈ ਸੰਘਰਸ਼ ਕਰਨਗੇ।
ਇਹ ਵੀ ਪੜ੍ਹੋ: CM Bhagwant Maan: ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਬਨਾਰਸ ਜਾਣ ਵਾਲੀ ਰੇਲ ਗੱਡੀ ਨੂੰ CM ਮਾਨ ਨੇ ਕੀਤਾ ਰਵਾਨਾ
ਉੱਥੇ ਹੀ ਸਥਾਨਕ ਦੁਕਾਨਦਾਰ ਗੁਰਦਿਆਲ ਸਿੰਘ ਕੰਗ ਅਤੇ ਕਿਸਾਨ ਜਥੇਬੰਦੀਆਂ ਵਲੋਂ ਆਏ ਗੁਰਮੇਜ ਸਿੰਘ ਤਿਮੋਵਾਲ ਨੇ ਗੱਲਬਾਤ ਦੌਰਾਨ ਸਰਕਾਰ ਨੂੰ ਤਿੱਖੀ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਸੁਣਦੀ ਤਾਂ ਆਉਣ ਵਾਲੇ ਦਿਨਾਂ ਵਿਚਕਾਰ ਰੇਲਾਂ ਅਤੇ ਮੁੱਖ ਮਾਰਗ ਨੂੰ ਜਾਮ ਕਰਕੇ ਸਰਕਾਰ ਨੂੰ ਉਨ੍ਹਾਂ ਦੀ ਗੱਲ ਸੁਣਨ ਨੂੰ ਮਜਬੂਰ ਕੀਤਾ ਜਾਵੇਗਾ।