ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੰਗਤ ਬਹੁਤ ਦੇਰ ਤੋਂ ਮੰਗ ਕਰ ਰਹੀ ਹੈ ਕਿ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਆਪਣਾ ਚੈਨਲ ਸ਼ੁਰੂ ਕਰੇ। ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਵੱਲੋਂ ਆਪਣਾ ਯੂ-ਟਿਊਬ ਚੈਨਲ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ਸ਼੍ਰੌਮਣੀ ਕਮੇਟੀ ਦੇ ਜਰਨਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਮੀਡਿਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂ ਟਿਊਬ ਚੈਨਲ ਸਥਾਪਿਤ ਕਰਨ ਦਾ ਪ੍ਰੋਗਰਾਮ ਸ਼ੁਰੂ ਹੋਣਾ ਸੀ, ਉਸ ਨੂੰ ਲੈਕੇ ਅੱਜ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਅਤੇ ਅਰਦਾਸ ਕੀਤੀ ਗਈ।
ਉਨ੍ਹਾਂ ਨੇ ਕਿਹਾ ਕਿ 23 ਤਾਰੀਕ ਤੱਕ ਪੀਟੀਸੀ ਚੈਨਲ ਉੱਤੇ ਗੁਰਬਾਣੀ ਪ੍ਰਸਾਰਣ ਨਾਲ ਸਮਝੌਤਾ ਸੀ। ਉਹ ਖ਼ਤਮ ਹੋਣ ਜਾ ਰਿਹਾ ਹੈ, ਜਿਸਦੇ ਚੱਲਦਿਆਂ ਸੰਗਤਾਂ ਦੇ ਮਨ ਵਿੱਚ ਬਹੁਤ ਵਿਚਾਰ ਚੱਲ ਰਹੇ ਸਨ। ਗਰੇਵਾਲ ਨੇ ਕਿਹਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਹੁਕਮ ਜਾਰੀ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬਹੁਤ ਸਾਰੀ ਸੰਗਤ ਕੋਲ ਮੋਬਾਇਲ ਫ਼ੋਨ ਨਹੀਂ ਹਨ। ਉਹ ਗੁਰਬਾਣੀ ਦੇ ਪ੍ਰਸਾਰਣ ਤੋਂ ਵਾਂਝੇ ਰਹਿ ਜਾਣਗੇ।
ਚੈਨਲ ਰਾਹੀਂ ਵੀ ਹੁੰਦਾ ਰਹੇਗਾ ਗੁਰਬਾਣੀ ਪ੍ਰਸਾਰਣ : ਬਹੁਤ ਸਾਰੀ ਸੰਗਤ ਅਜਿਹੀ ਹੈ ਜਿਸ ਕੋਲ ਨਾ ਤਾਂ ਸਮਾਰਟ ਫੋਨ ਹੈ ਅਤੇ ਨਾ ਹੀ ਸਮਾਰਟ ਟੀਵੀ, ਜਿਸ ਕਰਕੇ ਬਹੁਤਾਤ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ, ਕੀਰਤਨ, ਗੁਰਬਾਣੀ ਦਾ ਪਾਠ ਆਦਿ ਤੋਂ ਵਾਂਝੀਆਂ ਰਹਿ ਜਾਣਗੀਆਂ। ਇਸ ਲਈ ਸਿੰਘ ਸਾਹਿਬ ਨੇ ਸੰਗਤਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਕੀਤਾ ਹੈ ਕਿ ਯੂ-ਟਿਊਬ ਚੈਨਲ ਦੇ ਨਾਲ-ਨਾਲ ਕਿਸੇ ਚੈਨਲ ਰਾਹੀਂ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਨਿਰਵਿਘਨ ਗੁਰਬਾਣੀ ਪ੍ਰਸਾਰਣ ਜਾਰੀ ਰੱਖਿਆ ਜਾਵੇ ਤਾਂ ਜੋ ਕੋਈ ਵੀ ਸੰਗਤ ਗੁਰਬਾਣੀ ਕੀਰਤਨ ਸਰਵਣ ਕਰਨ ਅਤੇ ਦਰਸ਼ਨ ਦੀਦਾਰ ਕਰਨ ਤੋਂ ਵਾਂਝੀ ਨਾ ਰਹੇ।
ਪੀਟੀਸੀ ਉੱਤੇ ਵੀ ਹੁੰਦਾ ਰਹੇਗਾ ਪ੍ਰਸਾਰਣ : ਉਨ੍ਹਾਂ ਕਿਹਾ ਕਿ ਹੁਣ ਪੀਟੀਸੀ ਚੈਨਲ ਤੋਂ ਪਹਿਲਾਂ ਵਾਂਗ ਗੁਰਬਾਣੀ ਪ੍ਰਸਾਰਣ ਚਲਦਾ ਰਹੇਗਾ। ਉਨ੍ਹਾਂ ਕਿਹਾ ਸ਼੍ਰੌਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਪਿੱਛਲੇ ਦਿਨੀਂ ਸੈਟੇਲਾਈਟ ਚੈਨਲ ਤਿਆਰ ਕਰਨ ਲਈ ਇੱਕ ਵਫਦ ਬਣਾਇਆ ਸੀ ਉਸ ਨੂੰ ਦਿੱਲੀ ਭੇਜੀਆ ਜਾਏਗਾ ਜੋ ਜਲਦੀ ਤੋਂ ਜਲਦੀ ਸੈਟੇਲਾਈਟ ਚੈਨਲ ਦੀ ਤਿਆਰੀ ਸ਼ੁਰੂ ਕਰ ਸਕੇ। ਉਨ੍ਹਾਂ ਕਿਹਾ ਕਿ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਘਰ ਅੱਜ ਇੱਕ ਦੁਖਾਂਤ ਵਾਪਰਿਆ ਹੈ, ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜਿਸ ਕਰਕੇ ਉਹ ਸਾਡੇ ਵਿੱਚ ਸ਼ਾਮਿਲ ਨਹੀ ਹੋ ਸਕੇ। (ਪ੍ਰੈੱਸ ਨੋਟ)