ਅੰਮ੍ਰਿਤਸਰ: ਪੰਜਾਬ ਵਿੱਚ ਦਲਿਤ ਭਾਈਚਾਰੇ ਨਾਲ ਹੁੰਦੇ ਧੱਕੇ ਸਬੰਧੀ ਚੰਡੀਗੜ੍ਹ ਤੋਂ ਸਿੱਖ ਵਿਚਾਰ ਮੰਚ ਦੇ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਆਪਣਾ ਮੰਗ ਪੱਤਰ ਦੇਣ ਲਈ ਉਚੇਚੇ ਤੌਰ 'ਤੇ ਪਹੁੰਚੇ। ਸੇਵਾਮੁਕਤ ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਜਥੇਦਾਰ ਨੂੰ ਮਿਲ ਕੇ ਫਰਿਆਦ ਕੀਤੀ ਹੈ ਕਿ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਕੀਤੇ ਜਾਂਦੇ ਜਾਤੀ ਵਿਤਕਰੇ ਤੋਂ ਗਰੀਬ ਸਿੱਖ ਦੁਖੀ ਹਨ। ਪੰਜਾਬ ਦੀ ਧਰਤੀ ਉੱਤੇ ਜਾਤੀ ਵਿਤਕਰਾ ਬਹੁਤ ਹਾਨੀਕਾਰਕ ਹੈ।
ਸਿੱਖ ਸਟਡੀਜ਼ ਇੰਸਟਿਚਿਊਟ ਦੇ ਆਗੂ ਜਸਪਾਲ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਇਤਰਾਜ਼ ਇਹ ਹੈ ਕਿ ਸਿੱਖ ਰਹਿਤ ਮਰਿਆਦਾ ਮੁਤਾਬਕ ਅੰਮ੍ਰਿਤ ਕਿਉਂ ਨਹੀਂ ਛਕਾਇਆ ਜਾਂਦਾ? ਅੰਮ੍ਰਿਤ ਛਕਾਉਣ ਵੇਲੇ ਗਰੀਬ ਸਿੱਖਾਂ ਨਾਲ ਵਿਤਕਰਾ ਕਿਉਂ ਕੀਤਾ ਜਾਂਦਾ ਹੈ ? ਤੇ ਦਲਿਤ ਲੋਕਾਂ ਦੇ ਉੱਪਰੋਂ ਹੀ ਅੰਮ੍ਰਿਤ ਦੇ ਛਿੱਟੇ ਮਾਰੇ ਜਾਂਦੇ ਹਨ ਜਦ ਕਿ ਰਹਿਤ ਮਰਿਆਦਾ ਲਾਗੂ ਹੋਇਆਂ ਨੂੰ 70 ਤੋਂ 80 ਸਾਲ ਹੋ ਗਏ ਹਨ। ਇਸ ਲਈ ਨਿਹੰਗ ਜਥੇਬੰਦੀਆਂ ਅੰਮ੍ਰਿਤ ਵਿੱਚ ਵਿਤਕਰਾ ਕਿਉਂ ਕਰ ਰਹੀਆਂ ਹਨ ?
ਬਾਬਾ ਬੀਰ ਸਿੰਘ ਧੀਰ ਸਿੰਘ ਦੇ ਸਕੱਤਰ ਰਾਜਵਿੰਦਰ ਸਿੰਘ ਰਾਹੀ ਨੇ ਦੱਸਿਆ ਕਿ ਪਿਛਲੇ ਦਿਨੀਂ ਇੱਕ ਵੀਡੀਓ ਵਾਇਰਲ ਹੋਈ, ਜਿਸ ਵਿੱਚ ਇੱਕ ਗਰੀਬ ਸਿੱਖ ਨਿਹੰਗ ਸਿੰਘ ਵੱਲੋਂ ਬਾਬਾ ਬਿਧੀ ਚੰਦ, ਬਾਬਾ ਬੁੱਢਾ ਜੀ ਤੇ ਬਾਬਾ ਬਕਾਲਾ ਜੀ ਜਥੇਬੰਦੀਆਂ 'ਤੇ ਅੰਮ੍ਰਿਤ ਛਕਾਉਣ, ਲੰਗਰ ਆਦਿ ਨੂੰ ਲੈ ਕੇ ਕੀਤੇ ਜਾਂਦੇ ਵਿਤਕਰੇ ਬਾਰੇ ਦੋਸ਼ ਲਾਏ ਅਤੇ ਇਹ ਨਿਹੰਗ ਜਥੇਬੰਦੀਆਂ ਗ਼ਰੀਬਾਂ ਨੂੰ ਭਾਂਡਿਆਂ ਨੂੰ ਵੀ ਹੱਥ ਨਹੀਂ ਲਾਉਣ ਦਿੰਦੇ।
ਇਸ ਲਈ ਉਨ੍ਹਾਂ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਤੱਕ ਪਹੁੰਚ ਕੀਤੀ ਗਈ ਹੈ ਅਤੇ ਜਿਸ ਦਾ ਜਥੇਦਾਰ ਵੱਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਉਹ ਇਸ ਮਾਮਲੇ ਸਬੰਧੀ ਨਿਹੰਗ ਸਿੰਘ ਜਥੇਬੰਦੀਆਂ ਦੀ ਮੀਟਿੰਗ ਬੁਲਾ ਕੇ ਮਸਲੇ ਨੂੰ ਹੱਲ ਕਰਨਗੇ।
ਜ਼ਿਕਰਯੋਗ ਹੈ ਕਿ ਭਾਵੇਂ ਅੱਜ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਸਾਧਨ ਵਧ ਗਏ ਹਨ ਪਰ ਅੱਜ ਵੀ ਗੁਰੂਆਂ ਦੀ ਧਰਤੀ ਕਹੀ ਜਾਣ ਵਾਲੀ ਪੰਜਾਬ ਦੀ ਧਰਤੀ ਉੱਤੇ ਜਾਤੀ ਭੇਦ ਭਾਵ ਘਟਣ ਦੀ ਥਾਂ ਵਧ ਰਿਹਾ ਹੈ ਅਤੇ ਪੰਜਾਬ ਦੇ ਅਨੇਕਾਂ ਪਿੰਡਾਂ ਵਿੱਚ ਜਾਤੀ ਅਧਾਰਤ ਗੁਰਦੁਆਰਾ ਸਾਹਿਬ ਬਣੇ ਹੋਏ ਹਨ। ਇਨ੍ਹਾਂ ਸਾਰੇ ਮਾਮਲਿਆਂ ਵਿੱਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਭੂਮਿਕਾ ਚੰਗੀ ਤਰ੍ਹਾਂ ਨਹੀਂ ਨਿਭਾ ਰਹੇ।