ਅੰਮ੍ਰਿਤਸਰ : ਐਤਵਾਰ ਤੜਕੇ ਕੁਕੜਾਂਵਾਲਾ ਪਿੰਡ ਵਿੱਚ 4:50 ਵਜੇ ਨਾਕਾ ਬੰਦੀ ਕੀਤੀ ਹੋਈ ਸੀ ਤੇ ਅਜਨਾਲਾ ਵਲੋਂ ਮੋਟਰਸਾਈਕਲ 'ਤੇ ਸਵਾਰ 2 ਵਿਅਕਤੀ ਆ ਰਹੇ ਸਨ, ਇੰਨ੍ਹਾਂ ਦੋਵਾਂ ਨੇ ਆਪਣੇ ਮੂੰਹ ਕਪੜੇ ਨਾਲ ਢੱਕੇ ਹੋਏ ਸਨ।
ਪੁਲਿਸ ਨੇ ਜਦ ਉਨ੍ਹਾਂ ਨੂੰ ਪੁੱਛਿਗੱਛ ਲਈ ਰੋਕਣਾ ਚਾਹਿਆ ਤਾਂ ਮੋਟਰਸਾਈਕਲ ਦੇ ਪਿੱਛੇ ਬੈਠੇ ਵਿਅਕਤੀ ਦਾ ਪੁਲਿਸ ਵਾਲੇ ਨੇ ਹੱਥ ਫੜਿਆ, ਪਰ ਉਹ ਪੁਲਿਸ ਵਾਲੇ ਨੂੰ ਝਟਕਾ ਮਾਰ ਕੇ ਮੋਟਰਸਾਈਕਲ ਲੈ ਕੇ ਫ਼ਰਾਰ ਹੋ ਗਏ।
ਜਾਂਚ ਅਧਿਕਾਰੀ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੋਟਰਸਾਈਕਲ ਸਵਾਰਾਂ ਕੋਲ ਇੱਕ ਬੈਗ ਵੀ ਸੀ ਜਿਸ ਦੀ ਤਣੀ ਟੁੱਟ ਗਈ, ਬੈਗ ਉੱਥੇ ਡਿਗ ਪਿਆ ਤੇ ਮੋਟਰਸਾਈਕਲ ਸਵਾਰ ਫ਼ਰਾਰ ਹੋ ਗਏ। ਜਿਸ ਤੋਂ ਬਾਅਦ ਪੁਲਿਸ ਨੇ ਬੈਗ ਦੀ ਤਲਾਸ਼ੀ ਲਈ ਤੇ ਉਸ ਵਿੱਚੋਂ ਦੋ ਹੈਂਡ ਗ੍ਰਨੇਡ ਮਿਲੇ। ਜਿਸ ਤੋਂ ਬਾਅਦ ਸਾਰੀ ਪੁਲਿਸ ਫੋਰਸ ਨੂੰ ਅਲਰਟ ਕਰ ਦਿੱਤਾ ਗਿਆ ਤੇ ਸਾਰੇ ਪਾਸੇ ਨਾਕੇ ਲਗਾ ਕੇ ਚੈਕਿੰਗ ਸ਼ੁਰੂ ਕਰ ਦਿੱਤੀ ਗਈ।
ਐੱਸਪੀਡੀ ਐੱਸਐੱਸ ਰੰਧਾਵਾ ਨੇ ਪ੍ਰੈੱਸ ਕਾਨਫਰੰਸ ਕਰ ਕੇ ਦੱਸਿਆ ਕਿ ਉੱਕਤ ਕਾਬੂ ਕੀਤੇ ਗ੍ਰਨੇਡਾਂ ਦੇ ਨਾਲ-ਨਾਲ ਬੈਗ ਵਿੱਚੋਂ ਇੱਕ ਮੋਬਾਈਲ ਵੀ ਮਿਲਿਆ ਹੈ। ਇੰਨ੍ਹਾਂ ਦੋਹਾਂ ਵਸਤਾਂ ਨੂੰ ਜਾਂਚ ਲਈ ਭੇਜਿਆ ਜਾਵੇਗਾ ਅਤੇ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਤੁਹਾਨੂੰ ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਹੀ ਅੰਮ੍ਰਿਤਸਰ ਵਿੱਚ ਦੋ ਸ਼ੱਕੀ ਵਿਅਕਤੀ ਫੜੇ ਗਏ ਸਨ ਤੇ ਅੱਜ ਹੈਂਡ ਗ੍ਰਨੇਡ ਮਿਲਣਾ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਵੱਲ ਇਸ਼ਾਰਾ ਕਰ ਰਿਹਾ ਹੈ।