ਅੰਮ੍ਰਿਤਸਰ: ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀਆਂ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਨਜ਼ਰ ਆ ਰਹੀਆਂ ਹਨ। ਅਕਾਲ ਤਖ਼ਤ ਸਾਹਿਬ ਵੱਲੋਂ ਤਲਬ ਹੋਣ ਦੇ ਹੁਕਮ ਜਾਰੀ ਹੋਣ ਤੋਂ ਬਾਅਦ ਹੁਣ ਪੰਥਕ ਆਗੂ ਤੇ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਢੱਡਰੀਆ ਵਾਲੇ ਵਿਰੁੱਧ ਪੁਲਿਸ ਕਮਿਸ਼ਨਰ ਕੋਲ ਜਾ ਪਹੁੰਚੇ ਹਨ। ਭਾਈ ਅਜੈਬ ਸਿੰਘ ਅਭਿਆਸੀ, ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਦੀ ਮੌਜੂਦਗੀ ਵਿਚ ਪ੍ਰੋ: ਸਰਚਾਂਦ ਸਿੰਘ ਅਤੇ ਸ਼ਮਸ਼ੇਰ ਸਿੰਘ ਜੇਠੂਵਾਲ ਵੱਲੋਂ ਦਰਖਾਸਤਾਂ ਦਿੱਤੀਆਂ ਗਈਆਂ।
ਇਸ ਮੌਕੇ ਆਗੂਆਂ ਨੇ ਵਿਰਾਸਤੀ ਮਾਰਗ 'ਤੋਂ ਬੁੱਤ ਤੋੜਨ ਦੇ ਮਾਮਲੇ 'ਚ ਸ਼ਾਮਲ ਸਿੱਖ ਨੌਜਵਾਨਾਂ ਨੂੰ ਬਿਨਾ ਸ਼ਰਤ ਰਿਹਾਅ ਕਰਨ ਦੀ ਵੀ ਮੰਗ ਕੀਤੀ ਗਈ।
ਪ੍ਰੈਸ ਨਾਲ ਗੱਲ ਕਰਦਿਆਂ ਪ੍ਰੋ: ਸਰਚਾਂਦ ਸਿੰਘ ਅਤੇ ਐਡਵੋਕੇਟ ਸਿਆਲਕਾ ਨੇ ਦੱਸਿਆ ਕਿ ਪੁਲੀਸ ਕਮਿਸ਼ਨਰ ਨੇ ਉਨ੍ਹਾਂ ਨੂੰ ਭਾਈ ਢੱਡਰੀਆਂ ਵਾਲੇ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਢੱਡਰੀਆ ਵਾਲਾ ਉਨ੍ਹਾਂ ਨੂੰ ਭਾਵੇ ਜੋ ਮਰਜ਼ੀ ਕਹਿ ਲਵੇ ਕੋਈ ਗੱਲ ਨਹੀਂ ਪਰ ਗੁਰੂਘਰ ਪ੍ਰਤੀ ਭੱਦੀ ਸ਼ਬਦਾਵਲੀ ਉਹ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਢੱਡਰੀਆਂ ਵਾਲਾ ਆਪਣੇ ਕੀਤੇ ਕੌਲ ਤੋਂ ਮੁਕਰਨ ਅਤੇ ਝੂਠ ਦਾ ਪਰਦਾਫਾਸ਼ ਹੋਣ ਨਾਲ ਬੌਖਲਾਹਟ 'ਚ ਹਨ ਅਤੇ ਆਪਣੀ ਭਾਸ਼ਾ ਵਿਚ ਬਿਮਾਰ ਮਾਨਸਿਕਤਾ ਅਤੇ ਹੰਕਾਰ ਦਾ ਪ੍ਰਗਟਾਵਾ ਕਰ ਰਹੇ ਹਨ, ਉਨ੍ਹਾਂ ਨੂੰ ਚੰਗੇ ਡਾਕਟਰਾਂ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਸਿੱਖ ਦੀ ਹੋਂਦ ਹਸਤੀ ਸ੍ਰੀ ਅਕਾਲ ਤਖਤ ਨਾਲ ਜੁੜੀ ਹੋਈ ਹੈ। ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਸ਼ਰਧਾ ਅਤੇ ਸਤਿਕਾਰ ਹਰ ਗੁਰ ਸਿੱਖ ਦੇ ਹਿਰਦਿਆਂ ਵਿਚ ਹੈ ਜਿਸ ਨੂੰ ਨਾ ਮੁਗਲ ਨਾ ਅਫ਼ਗ਼ਾਨ ਅਤੇ ਨਾ ਹੀ ਸਮੇਂ ਦੀਆਂ ਸਰਕਾਰਾਂ ਖ਼ਤਮ ਕਰ ਸਕੀਆਂ ਹਨ। ਸਦੀਆਂ ਤੋ ਇੱਥੇ ਹੁੰਦੇ ਫ਼ੈਸਲਿਆਂ ਨੂੰ ਕੌਮ ਅਤੇ ਹਰ ਗੁਰ ਸਿੱਖ ਵੱਲੋਂ ਪ੍ਰਵਾਨ ਕਰਨਾ ਇਸ ਤਖਤ ਦੇ ਅਧਿਕਾਰ, ਰਾਜਨੀਤਿਕ ਅਤੇ ਸਮਾਜਿਕ ਸਰੋਕਾਰਾਂ ਨਾਲ ਸਦਾ ਵਾਸਤਾ ਰਿਹਾ ਅਤੇ ਹਰੇਕ ਤਰਾਂ ਦੇ ਪੰਥਕ ਮਾਮਲਿਆਂ ਦਾ ਕੌਮੀ ਪੱਧਰ ਤੇ ਅੰਤਿਮ ਫ਼ੈਸਲਾ ਪੰਜ ਸਿੰਘ ਸਾਹਿਬਾਨ ਜਾਂ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਦੁਆਰਾ ਗੁਰਮਤਿ ਦੀ ਰੌਸ਼ਨੀ ਵਿਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁੰਦਾ ਰਿਹਾ।
ਇਸ ਪ੍ਰਕਾਰ ਸਿੰਘ ਸਾਹਿਬਾਨ ਅਤੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਦੀ ਸ਼ਖ਼ਸੀਅਤ ਅਤੇ ਰੁਤਬਾ ਸਿੱਖ ਪੰਥ ਵਿਚ ਅਤਿ ਸਤਿਕਾਰਯੋਗ ਹਨ। ਕੌਮੀ ਰੁਤਬਿਆਂ ਤੇ ਬਿਰਾਜਮਾਨ ਸਿੰਘ ਸਾਹਿਬਾਨ ਦਾ ਨਿਰਾਦਰ ਅਤੇ ਉਨ੍ਹਾਂ ਪ੍ਰਤੀ ਵਰਤੀ ਜਾਂਦੀ ਭੱਦੀ ਸ਼ਬਦਾਵਲੀ ਅਤੇ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਂਦੀ ਹੈ। ਇਸ ਲਈ ਭਾਈ ਢੱਡਰੀਆਂ ਵਾਲਾ ਅਤੇ ਵਿਕਰਮ ਸਿੰਘ 'ਤੇ ਬਣਦੇ ਜੁਰਮਾਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਯਾਦ ਰਹੇ ਇਸ ਬਾਰੇ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਸ਼ਿਕਾਇਤਾਂ ਭੇਜੀਆਂ ਗਈਆਂ ਹਨ। ਅਕਾਲ ਤਖਤ ਵੱਲੋਂ ਵਿਦਵਾਨਾਂ ਦੀ ਕਮੇਟੀ ਬਣਾਈ ਗਈ ਸੀ ਪਰ ਢੱਡਰੀਆਂ ਵਾਲੇ ਪੇਸ਼ ਨਹੀਂ ਹੋਏ ਸੀ। ਇਸ ਮਗਰੋਂ ਹੁਣ ਵਿਰੋਧੀ ਉਨ੍ਹਾਂ ਨੂੰ ਕਾਨੂੰਨ ਸ਼ਿਕੰਜੇ ਵਿੱਚ ਟੰਗਣ ਲਈ ਡਟ ਗਏ ਹਨ।