ਅੰਮ੍ਰਿਤਸਰ: ਜਿੱਥੇ ਪੰਜਾਬ ਭਰ ਵਿੱਚ ਅੱਜ ਪੁਲਿਸ ਟੀਮਾਂ ਵੱਲੋਂ ਵਿਸ਼ੇਸ਼ ਨਾਕਾ ਬੰਦੀਆਂ ਕਰ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਉਥੇ ਹੀ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਵੀ ਪੁਲਿਸ ਵੱਲੋਂ ਜੀ20 ਸੰਮੇਲਨ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਜਗ੍ਹਾ ਫਲੈਗ ਮਾਰਚ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਅੰਮ੍ਰਿਤਸਰ ਦਿਹਾਤੀ ਦੇ ਕਸਬਾ ਜੰਡਿਆਲਾ ਗੁਰੂ ਵਿਖੇ ਥਾਣਾ ਮੁਖੀ ਇੰਸਪੈਕਟਰ ਮੁਖ਼ਤਿਆਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮਾਂ ਅਤੇ ਵਾਧੂ ਸੁਰੱਖਿਆ ਬਲਾਂ ਵੱਲੋਂ ਫਲੈਗ ਮਾਰਚ ਕੱਢਿਆ ਗਿਆ।
ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਣਾ ਮਕਸਦ: ਥਾਣਾ ਜੰਡਿਆਲਾ ਗੁਰੂ ਐਸ ਐਚ ਓ ਇੰਸਪੈਕਟਰ ਮੁਖਤਿਆਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਲਾ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜੰਡਿਆਲਾ ਵਿੱਚ ਉਨ੍ਹਾਂ ਵੱਲੋਂ ਪੁਲਿਸ ਜਵਾਨਾਂ ਅਤੇ ਪੈਰਾ ਮਿਲਟਰੀ ਫੋਰਸ ਦੇ ਨਾਲ ਸ਼ਹਿਰ ਵਾਸੀਆਂ, ਦੁਕਾਨਦਾਰਾਂ ਦੀ ਸੁਰੱਖਿਆ, ਲਾਅ ਐਂਡ ਆਰਡਰ ਅਤੇ ਜੀ 20 ਸੰਮੇਲਨ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਖੇਤਰਾਂ ਵਿੱਚ ਫਲੈਗ ਮਾਰਚ ਕੱਢ ਰਹੇ ਹਾਂ। ਉਨ੍ਹਾਂ ਕਿਹਾ ਕਿ ਫਲੈਗ ਮਾਰਚ ਦੇ ਮੁੱਖ ਮਕਸਦ ਸਮਾਜ ਵਿਰੋਧੀ ਅਨਸਰਾਂ ਦੇ ਮਨਾਂ ਵਿੱਚ ਪੁਲਿਸ ਪ੍ਰਤੀ ਖੌਫ ਅਤੇ ਆਮ ਨਾਗਰਿਕਾਂ ਨੂੰ ਸੁਰੱਖਿਅਤ ਮਹਿਸੂਸ ਕਰਵਾਉਣ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਗਤਵਿਧੀ ਨੂੰ ਰੋਕਿਆ ਜਾ ਸਕੇ।
ਪੁਲਿਸ ਪੈਟਰੋਲਿੰਗ ਪਾਰਟੀਆਂ ਤੈਨਾਤ: ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਜੰਡਿਆਲਾ ਗੁਰੂ ਸ਼ਹਿਰ ਦੇ ਚਾਰੋਂ ਪਾਸੇ ਵਿਸ਼ੇਸ਼ ਨਾਕਾਬੰਦੀ ਕੀਤੇ ਜਾਣ ਤੋਂ ਇਲਾਵਾ ਦਿਨ ਅਤੇ ਰਾਤ ਸਮੇਂ ਗਸ਼ਤ ਕਰਨ ਲਈ ਪੁਲਿਸ ਪੈਟਰੋਲਿੰਗ ਪਾਰਟੀਆਂ ਤੈਨਾਤ ਕੀਤੀਆਂ ਗਈਆਂ ਹਨ। ਜਿਨ੍ਹਾਂ ਵਲੋਂ ਸ਼ੱਕੀ ਵਿਅਕਤੀਆਂ ਨੂੰ ਰੋਕ ਕੇ ਪੁੱਛ ਗਿੱਛ ਜਾਰੀ ਹੈ।ਐਸ ਐਚ ਓ ਮੁਖਤਿਆਰ ਸਿੰਘ ਨੇ ਦੱਸਿਆ ਕਿ ਜੀ 20 ਸੰਮੇਲਨ ਦਾ ਵਫ਼ਦ ਜੰਡਿਆਲਾ ਗੁਰੂ ਵਿਖੇ ਵੀ ਆਵੇਗਾ। ਜਿਸ ਕਰਕੇ ਅਮਨ ਕਾਨੂੰਨ ਦੀ ਵਿਵਸਥਾ ਨੂੰ ਮੁੱਖ ਰੱਖਦੇ ਹੋਏ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਮਾੜੇ ਅਨਸਰਾਂ ਨੂੰ ਚੇਤਾਵਨੀ: ਉਕਤ ਫਲੈਗ ਮਾਰਚ ਦੌਰਾਨ ਪੁਲਿਸ ਅਧਿਕਾਰੀ ਨੇ ਜਿੱਥੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਨਾ ਮਾਲੂਮ ਵਿਅਕਤੀ ਦਾ ਕਿਸੇ ਵੀ ਤਰ੍ਹਾਂ ਦਾ ਸਮਾਨ ਦੁਕਾਨ ਤੇ ਨਾਂ ਰੱਖਣ। ਉਥੇ ਹੀ ਉਨ੍ਹਾਂ ਮੀਡੀਆ ਰਾਹੀਂ ਸੁਨੇਹਾ ਦਿੰਦੇ ਹੋਏ ਸ਼ਰਾਰਤੀ ਅਨਸਰਾਂ ਨੂੰ ਤਿੱਖੀ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੇ ਇਲਾਕੇ ਵਿੱਚ ਮਾਹੌਲ ਖਰਾਬ ਕਰਨ ਵਾਲਿਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੁਲਿਸ ਅਧਿਕਾਰੀ ਨੇ ਕਿਹਾ ਜੇਕਰ ਕੋਈ ਵੀ ਵਿਅਕਤੀ ਗਲਤ ਕੰਮ ਕਰਦਾ ਫੜਿਆ ਗਿਆ ਤਾ ਉਸ ਦੇ ਖਿਲਾਫ ਸਖ਼ਤੀ ਨਾਲ ਪੇਸ ਆਇਆ ਜਾਵੇਗਾ।
ਇਹ ਵੀ ਪੜ੍ਹੋ:- Demonstration of farmers: ਕਿਸਾਨ ਆਗੂਆਂ ਦੇ ਘਰਾਂ 'ਤੇ ਛਾਪੇਮਾਰੀ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ, ਕੇਂਦਰ ਖ਼ਿਲਾਫ਼ ਕਿਸਾਨਾਂ ਨੇ ਕੱਢੀ ਭੜਾਸ