ਅੰਮ੍ਰਿਤਸਰ: ਦੇਸ਼ ਦਾ ਸਭ ਤੋਂ ਵੱਡਾ ਮਾਮਲਾ 'ਅਯੁੱਧਿਆ ਵਿਵਾਦ' ਜਿਸ 'ਤੇ ਪਿਛਲੇ ਸਾਲ ਸੁਪਰੀਮ ਕੋਰਟ ਨੇ ਇਤਿਹਾਸਕ ਫੈਸਲਾ ਸੁਣਾ ਕੇ ਇਸ ਮਾਮਲੇ ਨੂੰ ਭਾਵੇ ਹੀ ਖ਼ਤਮ ਕਰ ਦਿੱਤਾ ਹੋਵੇ, ਪਰ ਹੁਣ ਇਹ ਮਾਮਲਾ ਮੁੜ ਤੋਂ ਭੱਖਦਾ ਨਜ਼ਰ ਆ ਰਿਹਾ ਹੈ। ਇਸ ਮਾਮਲੇ ਵਿੱਚ ਸੁਣਵਾਈ ਸਮੇਂ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਯੁੱਧਿਆ ਯਾਤਰਾ ਦਾ ਜ਼ਿਕਰ ਅਤੇ ਇੰਗਲਿਸ਼ ਦੇ ਇੱਕ ਸ਼ਬਦ 'ਕਲਟ' ਦਾ ਇਸਤੇਮਾਲ ਕੀਤਾ ਗਿਆ ਸੀ, ਜਿਸ 'ਤੇ ਹੁਣ ਵਿਵਾਦ ਸ਼ੁਰੂ ਹੋ ਗਿਆ ਹੈ।
ਸੁਪਰੀਮ ਕੋਰਟ ਦੇ ਇੱਸ ਫ਼ੈਸਲੇ ਵਿੱਚ ਸਿੱਖ ਧਰਮ ਦਾ ਹਵਾਲਾ ਦਿੰਦਿਆਂ ਇੱਕ ਸ਼ਬਦ ਦਾ ਇਸਤੇਮਾਲ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਸਿੱਖ ਸੰਸਥਾ ਵੱਲੋਂ ਨਿਖੇਧੀ ਕੀਤੀ ਗਈ ਹੈ। ਸੁਣਵਾਈ ਦੌਰਾਨ ਇੱਕ ਇੰਗਲਿਸ਼ ਦੇ ਸ਼ਬਦ 'ਕਲਟ' ਦੀ ਵਰਤੋਂ ਕੀਤੀ ਗਈ ਸੀ, ਜਿਸ ਨੂੰ ਲੈ ਕੇ ਸਿੱਖ ਕੌਮ ਵਿੱਚ ਗੁੱਸਾ ਹੈ। ਸਿੱਖ ਨੈਸ਼ਨਲ ਆਰਗੇਨਾਈਜ਼ੇਸ਼ਨ ਵੱਲੋਂ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ।
ਸਿੱਖ ਨੈਸ਼ਨਲ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਨੇ ਕਿਹਾ ਕਿ ਸੁਪਰੀਮ ਕੋਰਟ ਵਿੱਚ 'ਕਲਟ' ਸ਼ਬਦ ਦਾ ਇਸਤੇਮਾਲ ਕੀਤੇ ਜਾਣਾ ਬਿਲਕੁਲ ਗਲ਼ਤ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਆਰਐਸਐਸ ਦੇ ਇੱਕ ਐਕਟੀਵਿਸਟ ਰਜਿੰਦਰ ਸਿੰਘ ਦੀ ਝੂਠੀ ਗਵਾਹੀ ਦਾ ਸੁਪਰੀਮ ਕੋਰਟ ਵਿੱਚ ਹਵਾਲਾ ਦਿੱਤਾ ਗਿਆ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਨੇ ਰਾਮ ਜਨਮ ਭੂਮੀ ਦੇ ਦਰਸ਼ਨ ਲਈ 1510-11 ਵਿੱਚ ਅਯੁੱਧਿਆ ਦੀ ਯਾਤਰਾ ਕੀਤੀ ਸੀ।
ਜੋ ਕਿ ਕੋਰਟ ਨੂੰ ਗਲ਼ਤ ਜਾਣਕਾਰੀ ਦਿੱਤੀ ਗਈ ਹੈ। ਜਿਸ ਨੂੰ ਲੈ ਕੇ ਇਹ ਪਟੀਸ਼ਨ ਪਾਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਸਾਡੀ ਪਟੀਸ਼ਨ 'ਤੇ ਸੁਣਵਾਈ ਅਗਲੇ ਹਫ਼ਤੇ ਹੋਵੇਗੀ। ਦੱਸ ਦਈਏ ਕਿ 'ਕਲਟ' ਸ਼ਬਦ ਧਾਰਮਿਕ ਕਠੋਰਤਾ ਦਾ ਪ੍ਰਤੀਕ ਹੈ ਜਿਸ ਦਾ ਇਸਤੇਮਾਲ ਅਯੁੱਧਿਆ ਮਾਮਲੇ 'ਚ ਸੁਪਰੀਮ ਕੋਰਟ ਵਿੱਚ ਵਰਤਿਆ ਗਿਆ ਸੀ।