ਅੰਮ੍ਰਿਤਸਰ: 2016 ਤੋਂ ਬਾਅਦ ਮੁੜ ਇੱਕ ਵਾਰ ਕੇਂਦਰ ਸਰਕਾਰ ਵੱਲੋਂ ਨੋਟ ਬੰਦੀ ਦਾ ਐਲਾਨ ਕੀਤਾ ਗਿਆ ਹੈ। ਇਸ ਵਾਰ ਫ਼ਰਕ ਬਸ ਇੰਨ੍ਹਾ ਹੈ ਕਿ ਇਹ ਬੋਟ ਬੰਦੀ ਰਾਤੋ-ਰਾਤ ਨਹੀਂ ਕੀਤੀ ਗਈ। ਸਰਕਾਰ ਵੱਲੋਂ 2000 ਦਾ ਨੋਟ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਜਿਸ ਤੋਂ ਬਾਅਦ ਲੋਕਾਂ 'ਚ ਡਰ ਦਾ ਮਾਹੌਲ ਹੈ ਅਤੇ ਹਰ ਕੋਈ ਆਪਣੇ ਕੋਲ ਰੱਖੇ 2 ਹਜ਼ਾਰ ਦੇ ਨੋਟ ਨੂੰ ਵਰਤਣਾ ਚਾਹੁੰਦਾ ਹੈ। ਇਸ ਲਈ ਸਭ ਤੋਂ ਆਸਾਨ ਤਰੀਕਾ ਹੈ ਪੈਟਰੋਲ ਪੰਪ।
2000 ਦੇ ਨੋਟ ਦੀ ਵਰਤੋਂ: ਪਹਿਲਾਂ ਮਾਰਕਿਟ 'ਚ 2000 ਦੇ ਨੋਟ ਦੀ ਵਰਤੋਂ ਬਹੁਤ ਘੱਟ ਦੇਖਣ ਨੂੰ ਮਿਲੀ ਦੀ ਸੀ, ਪਰ ਸਰਕਾਰ ਦੇ ਐਲਾਨ ਮਗਰੋਂ ਗੁਲਾਬੀ ਨੋਟ ਦੀ ਵਰਤੋਂ ਜਿਆਦਾ ਵੱਧ ਗਈ ਹੈ। ਖਾਸ ਕਰ ਪੈਟਰੋਲ ਪੰਪ ਉੱਤੇ ਜੇਕਰ ਕਿਸੇ ਨੇ 100 ਜਾਂ 500 ਦਾ ਤੇਲ ਪਵਾਉਣਾ ਹੈ ਤਾਂ ਵੀ 2000 ਦੇ ਨੋਟ ਦੀ ਵਰਤੋਂ ਕੀਤੀ ਜਾ ਰਹੀ। ਹਰ ਕੋਈ ਆਪਣੇ ਕੋਲ ਰੱਖੇ ਹੋਏ ਕੜਕਦੇ ਵੱਡੇ ਗੁਲਾਬੀ ਨੋਟ ਦਾ ਇਸਤੇਮਾਲ ਕਰ ਰਿਹਾ ਹੈ। ਜਿਸ ਕਾਰਨ ਪੈਟਰੋਲ ਪੰਪ ਵਾਲਿਆਂ ਦੀ ਮੁਸ਼ਕਿਲ ਵੱਧ ਗਈ ਹੈ।
ਪੈਟਰੋਲ ਪੰਪ ਡੀਲਰ ਦਾ ਬਿਆਨ: ਭਾਵੇਂ ਕਿ ਲੋਕਾਂ ਵੱਲੋਂ ਆਪਣੀ ਸੁਵਿਧਾ ਲਈ ਪੈਟਰਲੋ ਪੰਪ 'ਤੇ 2000 ਦੇ ਨੋਟ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਪਰ ਇਸ ਦੇ ਨਾਲ ਪੈਟਰੋਲ ਪੰਪ ਵਾਲਿਆਂ ਦੀ ਮੁਸ਼ਕਿਲ 'ਚ ਇਜ਼ਾਫ਼ਾ ਹੋ ਗਿਆ ਹੈ। ਇਸੇ ਨੂੰ ਲੈ ਕੇ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਪ੍ਰਧਾਨ ਜੋਗਿੰਦਰ ਪਾਲ ਸਿੰਘ ਢੀਂਗਰਾ ਨੇ ਮੀਡੀਆ ਨਾਲ ਆਪਣੀ ਪ੍ਰੇਸ਼ਾਨੀ ਸਾਂਝੀ ਕੀਤੀ। ਉਨ੍ਹਾਂ ਆਖਿਆ ਕਿ ਛੋਟੇ ਦੁਕਾਨਦਾਰ ਇਸ ਨੋਟ ਨੂੰ ਨਹੀਂ ਲੈਂਦੇ ਇਸੇ ਕਾਰਨ ਲੋਕਾਂ ਨੂੰ ਹੁੰਦਾ ਹੈ ਕਿ ਪੈਟਰੋਲ ਪੰਪ 'ਤੇ ਇਸ ਨੋਟ ਨੂੰ ਚਲਾਇਆ ਜਾ ਸਕਦਾ ਹੈ। ਉਨ੍ਹਾਂ ਆਖਿਆ ਕਿ ਜੇਕਰ ਹਰ ਕੋਈ 2000 ਦਾ ਨੋਟ ਖੁੱਲ੍ਹਾ ਕਰਵਾਏਗਾ ਤਾਂ ਉਨ੍ਹਾਂ ਕੋਲ ਇੰਨ੍ਹੇ ਖੁੱਲ੍ਹੇ ਪੈਸੇ ਕਿੱਥੋਂ ਆਉਣਗੇ। ਢੀਂਗਰਾ ਨੇ ਆਖਿਆ ਕਿ ਲੋਕਾਂ ਨੂੰ ਪੈਸੇ ਵਾਪਸ ਕਰਨ ਵਿੱਚ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਆਨਲਾਈਨ ਪੈਮੈਂਟ 'ਤੇ ਵੀਂ ਬਹੁਤ ਅਸਰ ਪਿਆ ਹੈ। ਪ੍ਰਧਾਨ ਨੇ ਆਖਿਆ ਕਿ ਛੋਟੇ ਨੋਟਾਂ ਲਈ ਉਨ੍ਹਾਂ ਵੱਲੋਂ ਆਰ.ਬੀ.ਆਈ. ਨੂੰ ਚਿੱਠੀ ਲਿਖੀ ਗਈ ਹੈ।ਜਿਸ ਵਿੱਚ 'ਚ ਛੋਟੇ ਨੋਟ ਉਪਲੱਬਧ ਕਰਵਾਏ ਜਾਣ ਦੀ ਮੰਗ ਕੀਤੀ ਹੈ।