ਅੰਮ੍ਰਿਤਸਰ: ਜੇਲ੍ਹ ਵਿੱਚੋਂ ਜ਼ਮਾਨਤ ਉੱਤੇ ਆਏ ਗੈਂਗਸਟਰ ਰਾਣਾ ਕੰਦੋਵਾਲੀਆ ਦੀ ਵਿਆਹ ਪਾਰਟੀ ਉੱਤੇ ਪਹੁੰਚੇ ਕੁੱਝ ਗੈਂਗਸਟਰ ਮਿੱਤਰਾਂ ਵੱਲੋਂ ਜੰਮ ਕੇ ਫਾਇਰਿੰਗ ਕੀਤੀ ਗਈ। ਤੁਹਾਨੂੰ ਦੱਸ ਦਈਏ ਕਿ ਫਾਇਰਿੰਗ ਕੀਤੇ ਜਾਣ ਦੀ ਵੀਡੀਓ ਕਾਫ਼ੀ ਵਾਇਰਲ ਵੀ ਹੋਈ ਹੈ, ਜਿਸ ਤੋਂ ਬਾਅਦ ਹੀ ਪੁਲਿਸ ਹਰਕਤ ਵਿੱਚ ਆਈ ਹੈ।
ਅਜਨਾਲਾ ਦੇ ਡੀ.ਐੱਸ.ਪੀ. ਵਿਪਨ ਕੁਮਾਰ ਨੇ ਦੱਸਿਆ ਕਿ ਰਣਬੀਰ ਸਿੰਘ ਉਰਫ਼ ਰਾਣਾ ਜੋ ਕਿ ਪਿੰਡ ਕੰਦੋਵਾਲੀਆ ਦਾ ਰਹਿਣ ਵਾਲਾ ਹੈ, ਜਿਸ ਵਿਰੁੱਧ ਪਹਿਲਾਂ ਹੀ ਕਈ ਤਰ੍ਹਾਂ ਦੇ ਮਾਮਲੇ ਦਰਜ ਹਨ। ਇਹ ਜ਼ਮਾਨਤ ਉੱਤੇ ਘਰ ਆਇਆ ਹੋਇਆ ਸੀ।
ਡੀ.ਐੱਸ.ਪੀ ਨੇ ਦੱਸਿਆ ਕਿ ਮਿਤੀ 30 ਸਤੰਬਰ 2020 ਨੂੰ ਇਸ ਦਾ ਵਿਆਹ ਹੋਇਆ ਸੀ ਅਤੇ ਉਸ ਦੇ ਸਬੰਧ ਵਿੱਚ 3 ਅਕਤੂਬਰ ਨੂੰ ਇਸ ਨੇ ਵਿਆਹ ਤੋਂ ਬਾਅਦ ਆਪਣੇ ਘਰ ਵਿਆਹ ਦੀ ਪਾਰਟੀ ਰੱਖੀ ਸੀ, ਜਿਸ ਦੌਰਾਨ ਪਾਰਟੀ ਵਿੱਚ ਸ਼ਾਮਲ ਹੋਏ ਗੈਂਗਸਟਰ ਦੋਸਤਾਂ ਵੱਲੋਂ ਸ਼ਰੇਆਮ ਫਾਇਰਿੰਗ ਕੀਤੀ ਗਈ।
ਵਿਪਨ ਕੁਮਾਰ ਦਾ ਕਹਿਣਾ ਹੈ ਕਿ 5 ਦੋਸ਼ੀਆਂ ਦੇ ਵਿਰੁੱਧ ਆਈ.ਪੀ.ਸੀ ਦੀ ਧਾਰਾ 336 ਦੇ ਅਧੀਨ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।