ਅੰਮ੍ਰਿਤਸਰ: 6 ਜੂਨ ਨੂੰ ਸਾਕਾ ਨੀਲਾ ਤਾਰਾ ਦੀ ਬਰਸੀ ਨੂੰ ਲੈ ਕੇ ਪੰਜਾਬ ਭਰ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸੇ ਤਹਿਤ ਅੰਮ੍ਰਿਤਸਰ ਦੀ ਪੁਲਿਸ ਵੀ ਚੌਕਸ ਨਜ਼ਰ ਆ ਰਹੀ ਹੈ। ਸ਼ਹਿਰ ਦੇ ਹਰ ਹਿੱਸੇ ਵਿੱਚ ਸੁਰੱਖਿਆ ਗਾਰਡ ਤਾਇਨਾਤ ਹਨ। ਇਸ ਸਬੰਧੀ ਪੁਲਿਸ ਨੇ ਵੀਰਵਾਰ ਨੂੰ ਫਲੈਗ ਮਾਰਚ ਕੱਢਿਆ। ਪੁਲਿਸ ਅਨੁਸਾਰ ਇਹ ਫਲੈਗ ਮਾਰਚ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਮਜ਼ਬੂਤ ਕਰਨ ਲਈ ਹੈ। ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ 6 ਜੂਨ ਨੂੰ ਹੋਣ ਵਾਲੀ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਪੁਲਿਸ ਪੂਰੀ ਤਰ੍ਹਾਂ ਤਿਆਰ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਪਿਛਲੇ 15 ਦਿਨਾਂ ਤੋਂ ਵੱਖ-ਵੱਖ ਥਾਵਾਂ 'ਤੇ ਅਜਿਹੇ ਫਲੈਗ ਮਾਰਚ ਕੀਤੇ ਜਾ ਰਹੇ ਹਨ।
ਸਰਚ ਅਭਿਆਨ ਚਲਾਇਆ ਗਿਆ: ਘੱਲੂਘਾਰਾ ਹਫ਼ਤੇ ਦੇ ਚੱਲਦਿਆਂ ਕਮਿਸ਼ਨਰੇਟ ਪੁਲਸ ਨੇ ਸ਼ਹਿਰ ’ਚ ਅਮਨ-ਸ਼ਾਂਤੀ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਮੰਤਵ ਨਾਲ ਪੁਲਿਸ ਫੋਰਸ ਅਤੇ ARF ਦੀਆਂ ਟੀਮਾਂ ਵੱਲੋਂ ਫਲੈਗ ਮਾਰਚ ਕੱਢਿਆ ਗਿਆ, ਪਰਮਿੰਦਰ ਸਿੰਘ ਭੰਡਾਲ ਦੀ ਅਗਵਾਈ ਹੇਠ ਸ਼ਹਿਰ ਦੇ ਅੰਦਰੂਨੀ ਅਤੇ ਬਾਹਰ ਵਾਲੇ ਇਲਾਕਿਆਂ ਵਿਚ ਇਹ ਸਰਚ ਅਭਿਆਨ ਚਲਾਇਆ ਗਿਆ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀ ਸੁਰੱਖਿਆ ਨੂੰ ਲੈ ਕੇ ਵਾਲਡ ਸਿਟੀ ਦੇ ਕਰੀਬ 60 ਨਾਕਾ ਪੁਆਇੰਟਾਂ ਉਪਰ 24 ਘੰਟੇ ਸ਼ਿਫਟ ਵਾਈਜ਼ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਜੋ ਹਰੇਕ ਆਉਣ-ਜਾਣ ਵਾਲੇ ਵਾਹਨ ਦੀ ਬਾਰੀਕੀ ਨਾਲ ਜਾਂਚ ਕਰ ਰਹੇ ਹਨ।
ਪੁਲਿਸ ਸਟੇਸ਼ਨ ਜਾਂ ਕੰਟਰੋਲ ਰੂਮ: ਆਮ ਜਨਤਾ ਦੇ ਨਾਮ ਅਪੀਲ ਕਰਦਿਆਂ ਡੀ. ਸੀ. ਪੀ. ਭੰਡਾਲ ਨੇ ਕਿਹਾ ਕਿ ਲੋਕ ਕਮਿਸ਼ਨਰੇਟ ਪੁਲਿਸ ਦਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਲੋਕ ਸੋਸ਼ਲ ਮੀਡੀਆ ਉਪਰ ਕਿਸੇ ਵੀ ਤਰ੍ਹਾਂ ਦੀ ਅਫਵਾਹ ਨਾ ਫਲਾਓ ਨਾ ਹੀ ਯਕੀਨ ਕਰਨ। ਕਿਸੇ ਵੀ ਸ਼ੱਕੀ ਵਸਤੂ ਜਾਂ ਵਿਅਕਤੀ ਦੀ ਭਿਣਕ ਪੈਂਦਿਆਂ ਲੋਕ ਨੇੜਲੇ ਪੁਲਿਸ ਸਟੇਸ਼ਨ ਜਾਂ ਕੰਟਰੋਲ ਰੂਮ ਉਪਰ ਫੌਰੀ ਤੌਰ ’ਤੇ ਇਤਲਾਹ ਕਰਨ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਦੂਰੀ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਦੇ ਨਾਲ ਹੀ ਅਫਵਾਹ ਫੈਲਾਉਣ ਵਾਲਿਆਂ 'ਤੇ ਕਾਨੂੰਨੀ ਕਾਰਵਾਈ ਹੋਵੇਗੀ। ਡੀ. ਸੀ. ਪੀ ਭੰਡਾਲ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਝੂਠੀ ਅਫਵਾਹ ਜਾਂ ਸ਼ਰਾਰਤ ਸਾਹਮਣੇ ਆਉਣ ’ਤੇ ਪੁਲਿਸ ਵੱਲੋਂ ਯਕੀਨੀ ਤੌਰ ’ਤੇ ਕਾਨੂੰਨੀ ਕਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਨਗਰ ਵਾਸੀ ਆਪਣਾ ਤੇ ਪੁਲਿਸ ਦਾ ਸਮਾਂ ਬਚਾਉਣ ਲਈ ਆਪਣਾ ਵਾਹਨਾਂ ਦੇ ਦਸਤਾਵੇਜ਼ ਮੁਕੰਮਲ ਤੌਰ ’ਤੇ ਕੋਲ ਰੱਖਣ।