ਅੰਮ੍ਰਿਤਸਰ: ਅਟਾਰੀ-ਵਾਹਗਾ ਸਰਹੱਦ ਰਾਹੀਂ ਸੋਮਵਾਰ ਨੂੰ 118 ਭਾਰਤੀ ਵਤਨ ਪਰਤੇ। ਇਹ ਉਹ ਲੋਕ ਹਨ ਜਿਹੜੇ ਪਾਕਿਸਤਾਨ ਗਏ ਹੋਏ ਸਨ ਅਤੇ ਕੋਰੋਨਾ ਮਹਾਂਮਾਰੀ ਕਾਰਨ ਤਾਲਾਬੰਦੀ ਹੋਣ ਕਾਰਨ ਉੱਥੇ ਫਸ ਗਏ ਸਨ। ਇਨ੍ਹਾਂ ਦੀ ਹੁਣ ਭਾਰਤ ਸਰਕਾਰ ਵੱਲੋਂ ਵਤਨ ਵਾਪਸੀ ਕਰਵਾਈ ਜਾ ਰਹੀ ਹੈ। ਜੇਕਰ ਸਰਕਾਰੀ ਅੰਕੜਿਆਂ ਦੀ ਗੱਲ ਕਰੀਏ ਤਾਂ ਦੇਸ਼ ਦੇ 495 ਲੋਕ ਪਾਕਿਸਤਾਨ ਗਏ, ਜਦਕਿ ਪਾਕਿਸਤਾਨ ਤੋਂ 722 ਲੋਕ ਭਾਰਤ ਆਏ ਸਨ।
ਮੌਕੇ 'ਤੇ ਮੌਜੂਦ ਪ੍ਰੋਟੋਕੋਲ ਅਧਿਕਾਰੀ ਏ.ਐਸ.ਆਈ. ਅਰੁਣਪਾਲ ਸਿੰਘ ਨੇ ਦੱਸਿਆ ਕਿ ਸਵੇਰ ਤੋਂ ਹੁਣ ਤੱਕ 50 ਫ਼ੀਸਦੀ ਤੋਂ ਵਧੇਰੇ ਯਾਤਰੀ ਜ਼ੀਰੋ ਲਾਈਨ ਪਾਰ ਕਰਕੇ ਭਾਰਤ ਪਹੁੰਚ ਗਏ ਹਨ। ਇਨ੍ਹਾਂ ਯਾਤਰੀਆਂ ਨੂੰ ਕਸਟਮ ਅਤੇ ਹੋਰ ਮੈਡੀਕਲ ਚੈਕਅਪ ਉਪਰੰਤ ਆਪਣੇ-ਆਪਣੇ ਰਾਜ ਲਈ ਰਵਾਨਾ ਕੀਤਾ ਜਾਵੇਗਾ।
ਐਸ.ਡੀ.ਐਮ. ਸ਼ਿਵਰਾਜ ਬਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਮਵਾਰ ਨੂੰ 118 ਯਾਤਰੀ ਪਾਕਿਸਤਾਨ ਤੋਂ ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤ ਪੁੱਜੇ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਪੰਜਾਬ, ਜੰਮੂ-ਕਸ਼ਮੀਰ ਅਤੇ ਯੂਪੀ ਦੇ ਹਨ, ਜਿਨ੍ਹਾਂ ਨੂੰ ਆਪਣੇ-ਆਪਣੇ ਸੂਬਿਆਂ ਵਿੱਚ ਪਹੁੰਚਣ 'ਤੇ ਕੁਆਰੰਟੀਨ ਕੀਤਾ ਜਾਵੇਗਾ।
ਇਸ ਦੌਰਾਨ ਰਾਜਸਥਾਨ ਤੋਂ ਜ਼ਕੀ ਹੁਸੈਨ ਨਾਂਅ ਦਾ ਵਿਅਕਤੀ ਆਪਣੀ ਪਤਨੀ ਨੂੰ ਲੈਣ ਆਇਆ ਹੋਇਆ ਸੀ। ਗੱਲਬਾਤ ਦੌਰਾਨ ਉਸਨੇ ਦੱਸਿਆ ਕਿ ਪਿਛਲੇ ਛੇ ਮਹੀਨਿਆਂ ਤੋਂ ਤਾਲਾਬੰਦੀ ਕਾਰਨ ਉਸਦੀ ਪਤਨੀ ਰੂਬੀਨਾ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਫਸ ਗਈ ਸੀ। ਉਹ ਆਪਣੀ ਧੀ ਨਾਲ ਪਾਕਿਸਤਾਨ ਗਈ ਸੀ, ਅੱਜ ਭਾਰਤ ਪਰਤ ਰਹੀ ਹੈ ਅਤੇ ਅੱਜ ਉਹ ਇੱਥੇ ਆਪਣੀ ਪਤਨੀ ਨੂੰ ਲੈਣ ਆਇਆ ਹੈ।