ਅੰਮ੍ਰਿਤਸਰ: ਕੋਰੋਨਾ ਵਾਇਰਸ ਦਾ ਪ੍ਰਕੋਪ ਸਾਰੇ ਹੀ ਸੰਸਾਰ ਵਿੱਚ ਵੱਧ ਰਿਹਾ ਹੈ। ਕੋਰੋਨਾ ਦਾ ਅਸਰ ਭਾਰਤ 'ਤੇ ਵੀ ਪਿਆ ਹੈ। ਲੋਕਾਂ ਦਾ ਜਿੱਥੇ ਸਮਾਜਿਕ ਢਾਂਚਾ ਪ੍ਰਭਾਵਿਤ ਹੋਇਆ, ਉੱਥੇ ਹੀ ਦੇਸ਼ ਦੇ ਵੱਡੇ-ਵੱਡੇ ਧਾਰਮਿਕ ਸਥਾਨ ਵੀ ਬੰਦ ਹੋ ਗਏ ਹਨ। ਕੋਰੋਨਾ ਦਾ ਅਸਰ ਭਾਰਤ ਦੇ ਪ੍ਰਸਿੱਧ ਧਰਮ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਆਉਣ ਵਾਲੀਆਂ ਸੰਗਤਾਂ ਉੱਪਰ ਵੀ ਪਿਆ ਹੈ।
ਇੱਥੇ ਆਉਣ ਵਾਲੀਆਂ ਸੰਗਤਾਂ ਦੀ ਗਿਣਤੀ ਬਿਲਕੁਲ ਨਾ ਮਾਤਰ ਰਹਿ ਗਈ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਿੱਥੇ ਪਹਿਲਾਂ ਦੇਸ਼ ਵਿਦੇਸ਼ ਤੋਂ ਵੱਡੇ ਅਦਾਕਾਰ, ਵੀਆਈਪੀ ਦਰਸ਼ਨ ਦੀਦਾਰਿਆਂ ਲਈ ਤੱਤਪਰ ਰਹਿੰਦੇ ਸਨ ਪਰ ਫਰਵਰੀ ਮਹੀਨੇ ਤੋਂ ਬਾਅਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਕੋਈ ਵੀਆਈਪੀ ਨਹੀਂ ਆਇਆ।
ਜ਼ਿਕਰਯੋਗ ਹੈ ਕਿ ਭਾਵੇਂ ਕਿ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਨੇ ਸਿੱਧੇ ਤੌਰ 'ਤੇ ਸੰਗਤਾਂ ਨੂੰ ਦਰਬਾਰ ਸਾਹਿਬ ਆਉਣ ਤੋਂ ਸਾਫ਼ ਮਨਾ ਨਹੀਂ ਕੀਤਾ ਪਰ ਅੰਦਰੂਨੀ ਗੱਲਬਾਤ ਕਰਕੇ ਸੰਗਤਾਂ 'ਤੇ ਸਖ਼ਤੀ ਜ਼ਰੂਰ ਕੀਤੀ ਹੈ। ਉੱਥੇ ਹੀ, ਦਰਬਾਰ ਸਾਹਿਬ ਜਾਣ ਤੋਂ ਰੋਕਣ ਕਰਕੇ ਸੰਗਤਾਂ ਕਾਫੀ ਦੁੱਖ ਵੀ ਮਹਿਸੂਸ ਕਰ ਰਹੀਆਂ ਹਨ। ਪਰ, ਕਰਫਿਊ ਦੇ ਚੱਲਦਿਆਂ ਹਰ ਕੋਈ ਮਹਾਂਮਾਰੀ ਨੂੰ ਦੂਰ ਕਰਨ ਵਿੱਚ ਇੱਕ-ਦੂਜੇ ਦੇ ਨਾਲ-ਨਾਲ, ਸਰਕਾਰਾਂ ਦਾ ਸਾਥ ਨਿਭਾ ਰਿਹਾ ਹੈ।
ਇਹ ਵੀ ਪੜ੍ਹੋ: ਘਰੇਲੂ ਤੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਸੋਨੇ ਦੀਆਂ ਕੀਮਤਾਂ 'ਚ ਵਾਧਾ