ਅੰਮ੍ਰਿਤਸਰ: ਅਜਨਾਲਾ ਰੋਡ 'ਤੇ ਸੁਰਜੀਤ ਹਸਪਤਾਲ 'ਚ ਡਾਕਟਰਾਂ ਵੱਲੋਂ ਕੀਤੀ ਜਾ ਰਹੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਉੱਥੇ ਇੱਕ ਸੰਸਥਾ ਵੱਲੋਂ ਖੂਨ ਦਾਨ ਕਰਨ ਲਈ ਭੇਜੇ ਇਕ ਡੋਨਰ ਦਾ ਖ਼ੂਨ ਚੈੱਕ ਕੀਤੇ ਬਿਨਾਂ ਹੀ ਉਸ ਨੂੰ ਜ਼ਮੀਨ 'ਤੇ ਲਿਟਾ ਕੇ ਬਲੱਡ ਲੈਣਾ ਸ਼ੁਰੂ ਕਰ ਦਿੱਤਾ।
ਇਹ ਸਾਰੀ ਘਟਨਾ ਉੱਥੇ ਖੜ੍ਹੇ ਇੱਕ ਵਿਅਕਤੀ ਨੇ ਆਪਣੇ ਫ਼ੌਨ 'ਚ ਰਿਕਾਰਡ ਕਰ ਲਈ ਹੈ। ਦੱਸ ਦਈਏ ਕਿ ਕਿਸੇ ਵੀ ਡੋਨਰ ਦਾ ਖੂਨ ਬਿਨਾਂ ਅਧਿਕਾਰਤ ਬਲੱਡ ਬੈਂਕ ਦੇ ਨਹੀਂ ਕੱਢਿਆ ਜਾ ਸਕਦਾ ਅਤੇ ਨਾ ਹੀ ਕੋਈ ਹਸਪਤਾਲ ਇਸ ਤਰ੍ਹਾਂ ਕਿਸੇ ਮਰੀਜ਼ ਜਾਂ ਡੋਨਰ ਦਾ ਖੂਨ ਕੱਢ ਸਕਦਾ ਹੈ।
ਉੱਧਰ ਜਦੋਂ ਇਸ ਮਾਮਲੇ ਦੀ ਸ਼ਿਕਾਇਤ ਸਿਹਤ ਵਿਭਾਗ ਨੂੰ ਕੀਤੀ ਗਈ ਤਾਂ ਜਾਂਚ ਕਰਨ ਲਈ ਟੀਮ ਹਸਪਤਾਲ ਪਹੁੰਚੀ। ਸਿਹਤ ਵਿਭਾਗ ਦੀ ਟੀਮ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਕੋਈ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਇਸ ਮਾਮਲੇ ਤੋਂ ਸੁਰਜੀਤ ਹਸਪਤਾਲ ਦੇ ਡਾਕਟਰ ਪੱਲਾ ਝਾੜ ਰਹੇ ਹਨ ਅਤੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਗ਼ਲਤ ਦੱਸ ਰਹੇ ਹਨ।