ਅੰਮ੍ਰਿਤਸਰ: ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਇਕ ਉਦਘਾਟਨ ਦੌਰਾਨ ਬੋਲਦੇ ਹੋਏ ਕਿਹਾ ਕਿ ਸਿੱਧੂ ਨੂੰ ਇਮਰਾਨ ਖਾਨ ਦਾ ਸੱਦਾ ਮਿਲ ਚੁੱਕਿਆ ਹੈ, ਤੇ ਇਸ ਉੱਤੇ ਆਖਰੀ ਫੈਂਸਲਾ ਨਵਜੋਤ ਸਿੰਘ ਸਿੱਧੂ ਨੇ ਲੈਣਾ ਹੈ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਹ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਨੂੰ ਜਾਣਗੇ ਪਰ ਕਿਸੇ ਰਾਜਨੀਤਿਕ ਪਾਰਟੀ ਦਾ ਹਿੱਸਾ ਬਣ ਕੇ ਨਹੀਂ ਜਾਣਗੇ। ਉਹ ਸਰਕਾਰ ਦੀ ਇਜਾਜ਼ਤ ਮਿਲਣ ਤੋਂ ਬਾਅਦ ਹੀ ਉੱਥੇ ਜਾਣਗੇ।
ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਪਾਕਿਸਤਾਨ ਜਾਣ ਲਈ ਕਈ ਫੌਰਮੈਲਿਟੀਜ਼ ਹੁੰਦੀਆਂ ਹਨ ਇਸ ਲਈ ਉਨ੍ਹਾਂ ਨੂੰ ਕਲੀਅਰ ਕਰਨਾ ਪੈਂਦਾ ਹੈ ਤੇ ਅਜੇ ਉਹ ਕੁਝ ਵੀ ਨਹੀਂ ਕਲੀਅਰ ਕਹਿ ਸਕਦੇ ਜਦ ਹੋ ਜਾਵੇਗਾ ਤਦ ਖੁਦ ਸਿੱਧੂ ਇਸ ਬਾਰੇ ਦੱਸਣਗੇ।
ਨਵਜੋਤ ਕੌਰ ਨੇ ਕਿਹਾ ਕਿ ਕਰਤਾਰਪੁਰ ਸਾਹਿਬ ਦਾ ਰਸਤਾ ਖੁਲਵਾਉਣ ਦਾ ਕਰੈਡਿਟ ਉਨ੍ਹਾਂ ਨੂੰ ਨਹੀਂ ਚਾਹੀਦਾ ਕਿਉਂਕਿ ਸਭ ਕੁਝ ਪਰਮਾਤਮਾ ਆਪ ਹੀ ਕਰਵਾਉਂਦਾ ਹੈ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਵਿੱਚ ਲੱਗਣ ਵਾਲੀ ਸਟੇਜ ਉੱਤੇ ਜਿਥੇ ਸਾਰੇ ਲੀਡਰ ਬੈਠੇ ਹੋਣਗੇ ਸਿੱਧੂ ਨਹੀਂ ਚੜ੍ਹਨਗੇ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਿੱਧੂ ਇਕ ਆਮ ਸ਼ਰਧਾਲੂ ਦੀ ਤਰ੍ਹਾਂ ਜਾਣਗੇਂ ਤੇ ਮੱਥਾ ਟੇਕਣਗੇ।