ਅੰਮ੍ਰਿਤਸਰ: ਥਾਣਾ ਲੋਪੋਕੇ ਅਧੀਨ ਪਿੰਡ ਘਾਗਰਮਲ 'ਚ ਇੱਕ ਵਿਅਕਤੀ ਨੇ ਮਾਮੂਲੀ ਵਿਵਾਦ ਕਾਰਨ ਦੇਰ ਰਾਤ ਨੂੰ ਆਪਣੀ ਪਤਨੀ ਨੂੰ ਸਿਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੁਲਜ਼ਮ ਘਟਨਾ ਸਥਾਨ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀ ਦੀ ਭਾਲ ਅਰੰਭ ਦਿੱਤੀ ਹੈ।
ਮ੍ਰਿਤਕ ਪਰਮਜੀਤ ਕੌਰ ਦੀ ਕੁੜੀ ਸੰਦੀਪ ਕੌਰ ਨੇ ਦੱਸਿਆ ਕਿ ਉਹ ਦਸਵੀਂ ਜਮਾਤ ਦੀ ਵਿਦਿਆਰਥਣ ਹੈ। ਉਸ ਦੇ ਪਿਤਾ ਬਲਦੇਵ ਸਿੰਘ ਚੌਗਾਵਾਂ ਦੇ ਸਰਕਾਰੀ ਸਕੂਲ 'ਚ ਬਤੌਰ ਚੌਕੀਦਾਰ ਕੰਮ ਕਰਦੇ ਹਨ। ਉਸ ਨੇ ਦੱਸਿਆ ਕਿ ਸੋਮਵਾਰ ਨੂੰ ਸਕੂਲੋਂ ਆ ਕੇ ਉਸ ਨੇ ਫੋਨ ਚੁਕਿਆ ਤੇ ਭੈਣ ਦਾ ਨੰਬਰ ਐਡ ਕਰਨ ਲੱਗੀ ਤਾਂ ਉਸ ਦੇ ਪਿਤਾ ਨੇ ਮੋਬਾਈਲ ਖੋਹ ਕੇ ਨੰਬਰ ਰੱਖਣ ਤੋਂ ਇਨਕਾਰ ਕਰ ਦਿੱਤਾ। ਸ਼ਾਮ ਨੂੰ ਜਦੋਂ ਆਨਲਾਈਨ ਕਲਾਸ ਲਾਉਣ ਉਸ ਨੇ ਬਲਦੇਵ ਸਿੰਘ ਤੋਂ ਮੋਬਾਈਲ ਮੰਗਿਆ ਤਾਂ ਉਸ ਨੇ ਕਿਹਾ ਕਿ ਉਹ ਰੱਖ ਕੇ ਭੁੱਲ ਗਿਆ ਹੈ ਅਤੇ ਬਾਹਰ ਚਲਾ ਗਿਆ।
ਸੰਦੀਪ ਕੌਰ ਨੇ ਦੱਸਿਆ ਕਿ ਰਾਤ ਨੂੰ ਬਲਦੇਵ ਸਿੰਘ ਸ਼ਰਾਬ ਪੀ ਕੇ ਘਰ ਆਇਆ ਤਾਂ ਉਸ ਦੀ ਪਤਨੀ ਰੋਟੀ ਬਣਾ ਰਹੀ ਸੀ ਤਾਂ ਘਰ ਆ ਕੇ ਲੜਨ ਲੱਗ ਪਿਆ। ਉਪਰੰਤ ਬਲਦੇਵ ਸਿੰਘ ਨੇ ਅਲਮਾਰੀ ਵਿੱਚੋਂ ਪਿਸਤੌਲ ਕੱਢ ਲਈ ਅਤੇ ਬਾਹਰ ਖੜ ਕੇ ਉਨ੍ਹਾਂ ਨੂੰ ਆਵਾਜ਼ਾਂ ਮਾਰਨ ਲੱਗਿਆ। ਜਦੋਂ ਪਰਮਜੀਤ ਕੌਰ ਤੇ ਬੱਚੇ ਬਾਹਰ ਗਏ ਤਾਂ ਬਲਦੇਵ ਸਿੰਘ ਨੇ ਪਰਮਜੀਤ ਕੌਰ ਦੇ ਗੋਲੀ ਮਾਰ ਦਿੱਤੀ, ਜਿਸ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਹ ਮੌਕੇ ਤੋਂ ਸਕੂਟਰੀ ਲੈ ਕੇ ਫ਼ਰਾਰ ਹੋ ਗਿਆ।
ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਮ੍ਰਿਤਕਾ ਦੀ ਕੁੜੀ ਸੰਦੀਪ ਕੌਰ ਦੇ ਬਿਆਨਾਂ 'ਤੇ ਪਿਤਾ ਬਲਦੇਵ ਸਿੰਘ ਵਿਰੁੱਧ ਧਾਰਾ 302 ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਕਥਿਤ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।