ਅੰਮ੍ਰਿਤਸਰ:ਬੀਤੇ ਦਿਨੀ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਸਾਂਸਦ ਰਾਘਵ ਚੱਢਾ ਨੇ ਕਿਹਾ ਸੀ ਕਿ ਉਨ੍ਹਾਂ ਦੇ ਰਾਜ ਸਭਾ ਵਿੱਚ ਮੰਗ ਚੁੱਕਣ ਤੋਂ ਬਾਅਦ ਅੰਮ੍ਰਿਤਸਰ ਤੋਂ ਲੰਡਨ ਲਈ ਫਲਾਈਟ ਸਿਰਫ 20 ਦਿਨਾਂ ਅੰਦਰ ਸ਼ੁਰੂ ਹੋ ਗਈ। ਰਾਘਵ ਚੱਢਾ ਦੇ ਇਸ ਟਵੀਟ ਉੱਤੇ ਅੰਮ੍ਰਿਤਸਰ ਤੋਂ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਭੜਕਦੇ ਵਿਖਾਈ ਦਿੱਤੇ। ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਧਿਆਨ ਨਾਲ ਇਹ ਚੀਜ਼ਾਂ ਵੱਲ ਗੌਰ ਕਰਦੇ ਹਨ ਕਿ ਪੰਜਾਬ ਦੇ ਲਈ ਕੌਣ ਕੰਮ ਕਰ ਰਿਹਾ ਹੈ।
ਰਾਘਵ ਚੱਢਾ ਨੂੰ ਵਿਖਾਇਆ ਸ਼ੀਸ਼ਾ: ਉਨ੍ਹਾਂ ਕਿਹਾ ਰਾਘਵ ਚੱਢਾ ਹੁਣ ਰਾਜ ਸਭਾ ਮੈਂਬਰ ਬਣੇ ਹਨ ਅਤੇ ਅੰਮ੍ਰਿਤਸਰ ਏਅਰਪੋਰਟ 1930 ਦੇ ਵਿੱਚ ਹੋਂਦ ਵਿੱਚ ਆਇਆ ਸੀ। ਉਨ੍ਹਾਂ ਕਿਹਾ 1960 ਵਿੱਚ ਪਹਿਲੀ ਫਲਾਈਟ ਕਾਬਲ ਦੇ ਲਈ ਸ਼ੁਰੂ ਹੋਈ ਹੈ ਅਤੇ 1977-81 ਵਿੱਚ ਅੰਤਰਰਾਸ਼ਟਰੀ ਏਅਰਪੋਰਟ ਬਣ ਕੇ ਤਿਆਰ ਹੋਇਆ। ਔਜਲਾ ਨੇ ਕਿਹਾ ਕਿ ਰਾਘਵ ਚੱਢਾ ਬੜੇ ਮਾਣ ਨਾਲ ਝੂਠ ਬੋਦਲਦਿਆਂ ਕਹਿ ਰਹੇ ਹਨ ਕਿ ਮੈਂ ਪੰਜਾਬੀਆਂ ਲਈ ਬਹੁਤ ਵੱਡੀ ਕੋਸ਼ਿਸ਼ ਕਰਕੇ ਇਹ ਫ਼ਲਾਈਟ ਚਲਾਈ। ਔਜਲਾ ਨੇ ਕਿਹਾ ਪਹਿਲੀ ਫਲਾਇਟ 1982 ਵਿੱਚ ਅੰਮ੍ਰਿਤਸਰ ਤੋਂ ਬਰਮਿੰਘਮ ਲਈ ਚਲਾਈ ਗਈ ਸੀ ਅਤੇ ਰਾਘਵ ਚੱਢਾ ਦਾ ਜਨਮ 1988 ਦਾ ਹੈ। ਉਨ੍ਹਾਂ ਕਿਹਾ ਤੁਹਾਡੇ ਜਨਮ ਤੋਂ ਪਹਿਲਾਂ ਹੀ ਫਲਾਈਟਾਂ ਲੰਦਨ ਲਈ ਜਾ ਰਹੀਆਂ ਹਨ।
ਇਹ ਵੀ ਪੜ੍ਹੋ: ਸਰਕਾਰ ਦੀ ਮੁਹੱਲਾ ਕਲੀਨਿਕਾਂ ਪਿੱਛੇ ਰਣਨੀਤੀ ਕੀ? ਵਿਰੋਧੀਆਂ ਨੇ ਚੁੱਕੇ ਸਵਾਲ : ਖਾਸ ਰਿਪੋਰਟ
ਪੰਜਾਬ ਦਾ ਮੰਦੜਾ ਹਾਲ: ਔਜਲਾ ਨੇ ਅੱਗੇ ਕਿਹਾ ਕਿ ਜੇਕਰ ਚੱਢਾ ਜਾ ਆਮ ਆਦਮੀ ਪਾਰਟੀ ਨੂੰ ਪੰਜਾਬੀਆਂ ਦਾ ਫਿਕਰ ਹੁੰਦਾ ਤਾਂ ਅੱਜ ਸਾਰਾ ਪੰਜਾਬ ਧਰਨਿਆਂ ਉੱਤੇ ਨਾ ਹੁੰਦਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਜ਼ੀਰਾ ਵਿਖੇ ਧਰਨੇ ਚੱਲਦੇ ਨੂੰ 5 ਮਹੀਨਿਆਂ ਤੋੇਂ ਉੱਪਰ ਦਾ ਸਮਾਂ ਹੋ ਚੁੱਕਾ ਹੈ ਅਤੇ ਜੇਕਰ ਪੰਜਾਬ ਦੀ ਰਾਘਵ ਚੱਢਾ ਨੂੰ ਇੰਨੀ ਹੀ ਫਿਕਰ ਹੈ ਤਾਂ ਉਹ ਧਰਨਾ ਬੰਦ ਕਰਵਾ ਕੇ ਮਸਲਾ ਹੱਲ ਕਰਨ। ਉਨ੍ਹਾਂ ਕਿਹਾ ਪੰਜਾਬ ਵਿੱਚ ਅੱਜ ਸਰਕਾਰ ਨਹੀਂ ਸਗੋਂ ਗੈਂਗਸਟਰਾਂ ਦਾ ਰਾਜ ਹੈ ਅਤੇ ਇਸੇ ਕਾਰਣ ਪੰਜਾਬ ਦੀ ਇੰਡਸਟਰੀ ਲੁਧਿਆਣਾ ਛੱਡ ਕੇ ਬਾਹਰ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਲੋਕ ਡਰੇ ਪਏ ਹਨ ਗੈਂਗਸਟਰ ਪੁਲਿਸ ਦੀ ਕਸਟਡੀ ਵਿੱਚੋਂ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੀ ਪੁਲਿਸ ਇੱਥੇ ਆਕੇ ਗੈਂਗਸਟਰ ਫੜ ਰਹੀ ਹੈ ਤੁਸੀਂ ਅੱਜ ਆਕੇ ਵਾਹਵਾਈ ਲੁੱਟ ਰਹੇ ਹੋ।