ਅੰਮ੍ਰਿਤਸਰ: ਪਿਛਲੇ ਕਈ ਦਿਨਾਂ ਤੋਂ ਸਬ ਡਵੀਜ਼ਨ ਬਾਬਾ ਬਕਾਲਾ ਸਾਹਿਬ ਅਧੀਨ ਪੈਂਦੇ ਕਸਬਾ ਰਈਆ ਵਾਸੀਆਂ ਨੂੰ ਸੀਵਰੇਜ ਦੀ ਸਮੱਸਿਆ ਕਾਰਨ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ 'ਚ ਜਾ ਰਿਹਾ ਸੀ, ਜਿਸ ਕਾਰਨ ਕਈ ਗੰਭੀਰ ਬਿਮਾਰੀਆਂ ਦੇ ਫੈਲਣ ਦਾ ਖਤਰਾ ਬਣਿਆ ਹੋਇਆ ਸੀ। ਪਰ ਹੁਣ ਇਸ ਸਮੱਸਿਆ ਦਾ ਨਿਪਟਾਰਾ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਵੱਲੋਂ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਸਮੱਸਿਆ ਦੀ ਜਾਂਚ ਕਰ ਕਰਨ ਲਈ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਰਈਆ ਪਹੁੰਚੇ, ਜਿੱਥੇ ਉਨ੍ਹਾਂ ਨੇ ਜੇਸੀਬੀ ਲਗਵਾ ਕੇ ਕੰਮ ਨੂੰ ਸ਼ੁਰੂ ਕਰਵਾਇਆ।
ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਕਿਹਾ ਕਿ ਰਈਆ ਦੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸਰਕਾਰ ਨੂੰ ਬਦਨਾਮ ਕਰਨ ਲਈ ਸੀਵਰੇਜ ਵਿੱਚ ਵੱਡੇ-ਵੱਡੇ ਬੋਰੇ ਫਸਾ ਕੇ ਸੀਵਰੇਜ ਨੂੰ ਬੰਦ ਕਰ ਦਿੱਤਾ ਜਾਂਦਾ ਸੀ। ਜਿਸ ਸਬੰਧੀ ਉਨ੍ਹਾਂ ਵੱਲੋਂ ਜਾਇਜਾ ਲੈਣ ਤੋਂ ਬਾਅਦ ਇਸ ਬੰਦ ਨੂੰ ਹਟਵਾਇਆ ਗਿਆ ਅਤੇ ਜੇਸੀਬੀ ਮਸ਼ੀਨ ਲਗਵਾਕੇ ਸਫਾਈ ਦਾ ਕੰਮ ਸ਼ੁਰੂ ਕਰਵਾਇਆ ਗਿਆ ਹੈ।
ਵਿਧਾਇਕ ਭਲਾਈਪੁਰ ਨੇ ਸਖ਼ਤ ਸ਼ਬਦਾਂ ਵਿੱਚ ਤਾੜਨਾ ਕਰਦੇ ਹੋਏ ਸ਼ਰਾਰਤੀ ਅਨਸਰਾਂ ਨੂੰ ਚਿਤਾਵਨੀ ਭਰੇ ਸ਼ਬਦਾਂ ਵਿੱਚ ਕਿਹਾ ਕਿ ਜੇਕਰ ਅੱਗੇ ਤੋਂ ਕਿਸੇ ਵੀ ਵਿਅਕਤੀ ਨੇ ਲੋਕਾਂ ਲਈ ਇਸ ਤਰ੍ਹਾਂ ਸਮੱਸਿਆ ਖੜੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕਾਬਿਲੇਗੌਰ ਹੈ ਕਿ ਇਸ ਮੌਕੇ ਵਿਧਾਇਕ ਭਲਾਈਪੁਰ ਨੇ ਰਈਆ ਦੀਆਂ ਵੱਖ-ਵੱਖ ਵਾਰਡਾਂ ’ਚ ਸੀਵਰੇਜ ਦੀ ਸਫਾਈ ਦਾ ਕੰਮ ਸ਼ੁਰੂ ਕਰਵਾਇਆ ਹੈ।
ਇਹ ਵੀ ਪੜੋ: ਢੋਲਣ ਪਿੰਡ ਦੀਆਂ ਬੀਬੀਆਂ ਖ਼ਿਲਾਫ਼ ਪਰਚੇ, ਅਕਾਲੀ ਦਲ ਵੱਲੋਂ ਰੋਸ਼ ਪ੍ਰਦਰਸ਼ਨ
ਜਿਕਰਯੋਗ ਹੈ ਕਿ ਰਈਆ 13 ਵਾਰਡ ਹੋਣ ਦੇ ਚੱਲਦਿਆਂ ਵੱਡਾ ਰਿਹਾਇਸ਼ੀ ਅਤੇ ਕਾਰੋਬਾਰੀ ਖੇਤਰ 'ਚ ਆਉਂਦਾ ਹੈ ਅਤੇ ਆਏ ਦਿਨ ਵਾਰਡਾਂ ਵਿੱਚ ਸੀਵਰੇਜ ਬੰਦ ਹੋਣ ਦੀ ਸਮੱਸਿਆ ਨੂੰ ਲੈ ਕੇ ਲੋਕ ਪਰੇਸ਼ਾਨ ਹੋ ਰਹੇ ਸੀ।