ਅੰਮ੍ਰਿਤਸਰ: ਅੰਮ੍ਰਿਤਸਰ 'ਚ ਮਿੰਨੀ ਬੱਸ ਅਪਰੇਟਰ ਯੂਨੀਅਨ ਵਲੋਂ ਬੱਸ ਅੱਡੇ ਨਜ਼ਦੀਕ ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕਿਆ ਗਿਆ। ਮਿੰਨੀ ਬੱਸ ਚਾਲਕਾਂ ਦਾ ਕਹਿਣਾ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ 7 ਹਜ਼ਾਰ ਦੇ ਕਰੀਬ ਮਿੰਨੀ ਬੱਸ ਅਪਰੇਟਰ ਅਤੇ ਉਨ੍ਹਾਂ ਨਾਲ ਜੁੜੇ ਮੁਲਾਜ਼ਮ ਬੇਰੁਜ਼ਗਾਰ ਹੋ ਗਏ ਹਨ।
ਇਸ ਸਬੰਧੀ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਕਿ ਸਰਕਾਰ ਵਲੋਂ ਮਿੰਨੀ ਬੱਸਾਂ ਦੇ ਨਵੇਂ ਪਰਮਿਟ ਜਾਰੀ ਕੀਤੇ ਜਾ ਰਹੇ ਹਨ, ਜਦਕਿ ਉਹ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਨ, ਕਿ ਉਨ੍ਹਾਂ ਦੀਆਂ ਮਿੰਨੀ ਬੱਸਾਂ ਦੇ ਪੁਰਾਣੇ ਪਰਮਿਟ ਰੀਨਿਊ ਕੀਤੇ ਜਾਣ। ਪ੍ਰਦਰਸ਼ਨ ਕਰ ਰਹੇ ਲੋਕਾਂ ਦਾ ਕਹਿਣਾ ਕਿ ਉਨ੍ਹਾਂ ਵਲੋਂ ਇੱਕ ਬੱਸ ਤਿਆਰ ਕਰਵਾਈ ਗਈ ਹੈ, ਜਿਸ ਨੂੰ ਪੂਰੇ ਪੰਜਾਬ 'ਚ ਘੁੰਮਾ ਕੇ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਅੱਗੇ ਸਾੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਬੱਸ ਨੂੰ ਅੱਗ 'ਚ ਸਾੜਨ ਦੇ ਨਾਲ ਇੱਕ ਡਰਾਈਵਰ ਅਤੇ ਕੰਡਕਟਰ ਵੀ ਆਤਮਦਾਹ ਕਰਨਗੇ।