ਅੰਮ੍ਰਿਤਸਰ: ਕੋਰੋਨਾ ਵਾਇਰਸ ਵਰਗੀ ਮਾਹਾਂਮਾਰੀ ਨੇ ਪੰਜਾਬ ਦੇ ਹੋਰ ਕਈ ਸ਼ਹਿਰਾਂ ਵਾਗ ਅੰਮ੍ਰਿਤਸਰ ਨੂੰ ਆਪਣੀ ਚਪੇਟ 'ਚ ਲੈ ਲਿਆ ਹੈ। ਇਸ ਦੇ ਨਾਲ ਕੋਰੋਨਾ ਮਰਿਜ਼ਾਂ ਦੀ ਗਿਣਤੀ ਦਿਨੋ-ਦਿਨ ਵੱਧਦੀ ਜਾ ਰਹੀ ਹੈ। ਉੱਥੇ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਕਰਫ਼ਿਊ ਦੌਰਾਨ ਸੰਗਤਾਂ ਦੀ ਗਿਣਤੀ ਨਾਮਾਤਰ ਸੀ ਪਰ ਹੁਣ ਕਰਫ਼ਿਊ ਖੁੱਲਣ ਤੋਂ ਬਾਅਦ ਸ਼ਰਧਾਲੂਆਂ ਨੇ ਆਉਣਾ ਸ਼ੁਰੂ ਕਰ ਦਿੱਤਾ ਹੈ।
ਦਰਬਾਰ ਸਾਹਿਬ 'ਚ ਰੋਜ਼ਾਨਾ ਤਕਰੀਬਨ 7 ਤੋਂ 8 ਹਜ਼ਾਰ ਸ਼ਰਧਾਲੂ ਨਤਮਸਤਕ ਹੋਣ ਲਈ ਆਉਂਦੇ ਹਨ। ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਆਉਣ ਲਈ 7 ਰਾਹ ਹਨ, ਜਿਨ੍ਹਾਂ ਵਿੱਚੋਂ ਸਿਰਫ਼ 1 ਗੇਟ 'ਤੇ ਹੀ ਡਾਕਟਰੀ ਟੀਮ ਦਾ ਇੰਤਜ਼ਾਮ ਕੀਤਾ ਗਿਆ ਹੈ, ਤੇ ਸਿਰਫ 3 ਗੇਟਾਂ 'ਤੇ ਸੈਨੀਟਾਈਜ਼ਰ ਦਾ ਪ੍ਰਬੰਧ ਕੀਤਾ ਗਿਆ ਹੈ।
ਦਰਬਾਰ ਸਾਹਿਬ ਵੱਲ ਆਉਂਦੇ ਬਾਬਾ ਅਟੱਲ ਰਾਏ, ਆਟਾ ਮੰਡੀ, ਸ੍ਰੀ ਅਕਾਲ ਤਖ਼ਤ ਸਾਹਿਬ, ਗੁਰੂ ਰਾਮਦਾਸ ਸਰਾਂ ਦੇ ਗੇਟਾ 'ਤੇ ਡਾਕਟਰੀ ਟੀਮ ਦਾ ਪ੍ਰਬੰਧ ਨਹੀਂ ਕੀਤਾ ਗਿਆ ਹੈ। ਅਜਿਹੇ ਪ੍ਰਬੰਧਾਂ ਨੂੰ ਦੇਖਦੇ ਜ਼ਿਲ੍ਹਾ ਪ੍ਰਸ਼ਾਸਨ, ਅਫ਼ਸਰਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲਾਪਰਵਾਹੀ ਸਾਹਮਣੇ ਆ ਰਹੀ ਹੈ।