ਅੰਮ੍ਰਿਤਸਰ: ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਮਾਸਕ ਉਤਾਰ ਕੇ ਕੋਰੋਨਾ ਹਦਾਇਤਾਂ ਦੀ ਉਲੰਘਣਾ ਕਰਨ 'ਤੇ ਨਿਗਮ ਮੇਅਰ ਕਰਮਜੀਤ ਸਿੰਘ ਰਿੰਟੂ ਸਮੇਤ 10 ਕੌਂਸਲਰਾਂ ਦਾ ਚਾਲਾਨ ਕੱਟਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨੀ ਮੇਅਰ ਰਿੰਟੂ ਆਪਣੇ 10 ਕੌਂਸਲਰਾਂ ਸਮੇਤ ਕਿਸਾਨਾਂ ਦੇ ਹੱਕ ਵਿੱਚ 'ਕਿਸਾਨ ਦਿਵਸ' ਦੌਰਾਨ ਭੁੱਖ ਹੜਤਾਲ 'ਤੇ ਬੈਠੇ ਸਨ। ਇਸ ਦੌਰਾਨ ਉਨ੍ਹਾਂ ਵੱਲੋਂ ਮਾਸਕ ਉਤਾਰੇ ਜਾਣ ਦੀਆਂ ਤਸਵੀਰਾਂ ਮੀਡੀਆ ਵਿੱਚ ਆਉਣ 'ਤੇ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਦੇ ਹੋਏ ਚਾਲਾਨ ਕੱਟ ਦਿੱਤਾ ਗਿਆ ਹੈ ਅਤੇ 10 ਹਜ਼ਾਰ ਰੁਪਏ ਜੁਰਮਾਨਾ ਲਾਇਆ ਗਿਆ।
ਸ਼ੁੱਕਰਵਾਰ ਨੂੰ ਕੌਂਸਲਰਾਂ ਸਮੇਤ ਜੁਰਮਾਨਾ ਭਰਨ ਪੁੱਜੇ ਮੇਅਰ ਰਿੰਟੂ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਅੱਜ ਇਥੇ ਜੁਰਮਾਨਾ ਭਰਨ ਲਈ ਡਿਪਟੀ ਮੇਅਰ ਤੇ ਕੌਂਸਲਰਾਂ ਨਾਲ ਪੁੱਜੇ ਹਨ ਕਿਉਂਕਿ ਉਹ ਵੀ ਇੱਕ ਆਮ ਨਾਗਰਿਕ ਦੀ ਤਰ੍ਹਾਂ ਹੀ ਹਨ ਅਤੇ ਕਾਨੂੰਨ ਹਰ ਇੱਕ ਲਈ ਬਰਾਬਰ ਹੈ। ਸੋ ਅਸੀਂ ਆਪਣੀ ਭੁੱਖ ਹੜਤਾਲ ਦੌਰਾਨ ਮਾਸਕ ਉਤਾਰ ਕੇ ਕੋਰੋਨਾ ਹਦਾਇਤਾਂ ਦੀ ਉਲੰਘਣਾ ਦੀ ਗ਼ਲਤੀ ਨੂੰ ਮੰਨਦੇ ਹੋਏ ਜੁਰਮਾਨਾ ਭਰਿਆ ਹੈ।
ਉਧਰ, ਪੁਲਿਸ ਅਧਿਕਾਰੀ ਸ਼ਿਵ ਦਰਸ਼ਨ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਹੱਕ ਵਿੱਚ ਭੁੱਖ ਹੜਤਾਲ ਦੌਰਾਨ ਮਾਸਕ ਨਾ ਪਹਿਨਣ 'ਤੇ ਕਾਰਵਾਈ ਕਰਦੇ ਹੋਏ ਮੇਅਰ ਸਮੇਤ 10 ਕੌਂਸਲਰਾਂ ਦਾ ਚਾਲਾਨ ਕੱਟਿਆ ਗਿਆ ਸੀ, ਜੋ ਅੱਜ 10 ਹਜ਼ਾਰ ਰੁਪਏ ਜੁਰਮਾਨਾ ਉਨ੍ਹਾਂ ਨੇ ਹਾਜ਼ਰ ਹੋ ਕੇ ਭਰ ਦਿੱਤਾ ਹੈ।