ਅੰਮ੍ਰਿਤਸਰ: ਨਾਰਾਇਣਗੜ੍ਹ ਵਿੱਚ ਰਹਿ ਰਹੇ ਇੱਕ ਬੀਐਸਐਫ ਇੰਸਪੈਕਟਰ ਮੋਹਿੰਦਰ ਸਿੰਘ ਭੱਟੀ, ਜੋ ਦੁਸ਼ਮਣਾਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਿਆ। ਅੱਜ ਸ਼ਹੀਦ ਦੀ ਮ੍ਰਿਤਕ ਦੇਹ ਬੀਐਸਐਫ ਵੱਲੋਂ ਉਸ ਦੇ ਘਰ ਲਿਆਂਦੀ ਗਈ ਅਤੇ ਰਾਜ ਸਨਮਾਨ ਨਾਲ ਅੰਤਿਮ ਸਸਕਾਰ ਕੀਤਾ ਗਿਆ।
ਇਸ ਮੌਕੇ ਸ਼ਹੀਦ ਦੀ ਪਤਨੀ ਸੁਖਰਾਜ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਮੋਹਿੰਦਰ ਸਿੰਘ ਭੱਟੀ ਦੁਸ਼ਮਣਾਂ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋਏ ਹਨ ਅਤੇ ਉਨ੍ਹਾਂ ਨੇ ਦੇਸ਼ ਤੇ ਅੰਮ੍ਰਿਤਸਰ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰ ਮਾਂ ਨੂੰ ਆਪਣੇ ਬੱਚੇ ਨੂੰ ਬੀ.ਐਸ.ਐਫ ਜਾਂ ਫ਼ੌਜ ਵਿੱਚ ਭਰਤੀ ਕਰਵਾਉਣਾ ਚਾਹੀਦਾ ਹੈ।
ਸ਼ਹੀਦ ਨੂੰ ਸ਼ਰਧਾਂਜਲੀ ਦੇਣ ਆਏ ਪੁਲਿਸ ਅਧਿਕਾਰੀਆਂ ਵਿੱਚ ਇਸ ਮੌਕੇ ਐਸ.ਐਚ.ਓ ਰਾਜਵਿੰਦਰ ਕੌਰ ਨੇ ਕਿਹਾ ਕਿ ਮੋਹਿੰਦਰ ਸਿੰਘ ਪੱਛਮੀ ਬੰਗਾਲ ਦੀ ਸਰਹੱਦ 'ਤੇ ਸ਼ਹੀਦ ਹੋ ਗਿਆ ਹੈ ਅਤੇ ਉਹ ਉਸਦੇ ਸਾਰੇ ਪਰਿਵਾਰ ਨੂੰ ਸਲਾਮ ਕਰਦੇ ਹਨ, ਜਿਨ੍ਹਾਂ ਪਰਿਵਾਰ ਦਾ ਤੇ ਦੇਸ਼ ਦਾ ਨਾਮ ਰੋਸ਼ਨ ਕੀਤਾ, ਪਰਿਵਾਰ ਤੇ ਦੁੱਖ ਦਾ ਭਾਣਾ ਵਰਤਿਆ ਹੈ ਭਗਵਾਨ ਮਿਹਰ ਕਰੇ।
ਅੰਮ੍ਰਿਤਸਰ ਦੇ ਕਾਂਗਰਸੀ ਡਿਪਟੀ ਮੇਅਰ ਰਮਨ ਬਖਸ਼ੀ ਨੇ ਕਿਹਾ ਕਿ ਦੇਸ਼ ਦੇ ਮਾਣ ਅਤੇ ਸਨਮਾਨ ਦੀ ਖਾਤਿਰ ਮਹਿੰਦਰ ਸਿੰਘ ਸ਼ਹੀਦ ਹੋਇਆ ਹੈ, ਸਾਨੂੰ ਉਸਦੀ ਬਹਾਦਰੀ 'ਤੇ ਮਾਣ ਹੈ ਅਤੇ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਗੇ ਕਿ ਸ਼ਹੀਦ ਦੇ ਪਰਿਵਾਰ ਦੀ ਹਰ ਇਕ ਮਦਦ ਕੀਤੀ ਜਾਵੇ ਅਤੇ ਪਰਿਵਾਰ ਦੇ ਮੈਂਬਰਾਂ ਵਿਚੋਂ ਇੱਕ ਵਿਅਕਤੀ ਨੂੰ ਨੌਕਰੀ ਦਿੱਤੀ ਜਾਵੇ।