ਅੰਮ੍ਰਿਤਸਰ: ਇੱਕ ਪਾਸੇ ਦੇਸ਼ ਦਾ ਅੰਨਦਾਤਾ ਕੜਾਕੇ ਦੀ ਠੰਢ ’ਚ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਸੜਕਾਂ ’ਤੇ ਡਟਿਆ ਹੋਇਆ ਹੈ ਅਤੇ ਦੂਜੇ ਪਾਸੇ ਮਾਈ ਭਾਗੋ ਦੀਆਂ ਵਾਰਸਾਂ ਖੇਤਾਂ ’ਚ ਖੇਤੀਬਾੜੀ ਦਾ ਜ਼ਿੰਮਾ ਸੰਭਾਲ ਰਹੀਆਂ ਹਨ।
ਪਰੇਡ ’ਚ ਭਾਗ ਲੈਣ ਲਈ ਔਰਤਾਂ ਸਿੱਖ ਰਹੀਆਂ ਹਨ ਟਰੈਕਟਰ ਚਲਾਉਣਾ
ਪਿੰਡ ਰਾਜੇਵਾਲ ਵਿੱਚ ਹੱਡ ਚੀਰਵੀਂ ਠੰਢ ’ਚ ਖੇਤੀ ਦੀ ਜ਼ਿੰਮੇਵਾਰੀ ਸਾਂਭ ਰਹੀਆਂ ਹਨ। ਪੰਜਾਬ ਦੀਆਂ ਧੀਆਂ ਖੇਤੀਬਾੜੀ ਦੇ ਕੰਮ-ਕਾਜ ਨਾਲ 26 ਜਨਵਰੀ ਦੀ ਟਰੈਕਟਰ ਪਰੇਡ 'ਚ ਹਿੱਸਾ ਲੈਣ ਦੀ ਵੀ ਖਾਸ ਤਿਆਰੀ ਕਰ ਰਹੀਆਂ ਹਨ। ਸੁਆਣੀਆਂ ਵੱਲੋਂ ਟਰੈਕਟਰ ਚਲਾਉਣਾ ਵੀ ਸਿੱਖਿਆ ਜਾ ਰਿਹਾ ਹੈ।
ਚੁੱਲ੍ਹੇ ਨਾਲ ਖੇਤਾਂ ਦਾ ਵੀ ਧਿਆਨ ਰੱਖ ਰਹੀਆਂ ਨੇ ਪੇਂਡੂ ਸੁਆਣੀਆਂ
ਅਜਿਹੇ ਵੇਲੇ ਜਦੋਂ ਜ਼ਿਆਦਾਤਰ ਘਰਾਂ ਦੇ ਮਰਦ ਦਿੱਲੀ ਧਰਨੇ ’ਚ ਪਹੁੰਚੇ ਹੋਏ ਹਨ, ਉਦੋਂ ਕਿਸਾਨਾਂ ਦੇ ਘਰਾਂ ਦੀਆਂ ਔਰਤਾਂ ਘਰ ਦੇ ਚੌਂਕੇ-ਚੁੱਲ੍ਹੇ ਦੇ ਨਾਲ-ਨਾਲ ਫ਼ਸਲਾਂ ਨੂੰ ਪਾਣੀ ਲਾਉਣ, ਖਾਦਾਂ ਪਾਉਣ, ਸਪਰੇਅ ਕਰਨ, ਪੱਠੇ ਵੱਢਣ ਅਤੇ ਪਸ਼ੂਆਂ ਦੀ ਸਾਂਭ-ਸੰਭਾਲ ਦਾ ਕੰਮ ਕਰ ਰਹੀਆਂ ਹਨ ਅਤੇ ਇਹ ਵਿਲੱਖਣ ਤਸਵੀਰ ਅੱਜ ਪੰਜਾਬ ਦੇ ਹਰ ਪਿੰਡ 'ਚ ਨਜ਼ਰ ਆ ਰਹੀ ਹੈ। ਛੋਟੀ ਉਮਰ ਤੋਂ ਲੈ ਕੇ 70 ਸਾਲ ਤੱਕ ਉਮਰ ਦੀਆਂ ਪੰਜਾਬ ਦੀਆਂ ਇਹ ਧੀਆਂ ਬੁਲੰਦ ਹੌਂਸਲੇ ਨਾਲ ਸਾਰਾ ਕੰਮ ਵੀ ਕਰ ਰਹੀਆਂ ਹਨ। ਨਾਲ ਹੀ ਦਿੱਲੀ ਧਰਨੇ ’ਚ ਡਟੇ ਆਪਣੇ ਸਿਰ ਦੇ ਸਾਈਆਂ, ਭਰਾਵਾਂ ਤੇ ਪੁੱਤਰਾਂ ਨੂੰ ਇਹ ਸੁਨੇਹਾ ਵੀ ਦੇ ਰਹੀਆਂ ਹਨ ਕਿ ਉਹ ਘਰ ਤੇ ਖੇਤਾਂ ਦੀ ਫਿਕਰ ਛੱਡ ਕੇ ਧਰਨੇ ’ਤੇ ਡਟੇ ਰਹਿਣ ਅਤੇ ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਪਰਤਣ।