ਅੰਮ੍ਰਿਤਸਰ: ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ 'ਚ ਲੁੱਟ-ਖੋਹ ਦੀਆਂ ਘਟਨਾਵਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ। ਇਸ ਕਾਰਨ ਆਮ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ ਅਤੇ ਲਗਭਗ ਹਰ ਰੋਜ਼ ਅਜਿਹੀਆਂ ਅਪਰਾਧਿਕ ਘਟਨਾਵਾਂ ਕਾਰਨ ਲੋਕਾਂ ਵਿੱਚ ਸੜਕ ਉੱਤੇ ਚੱਲਦੇ ਸਮੇਂ ਡਰ ਦਾ ਮਾਹੌਲ ਬਣਿਆ ਹੋਇਆ ਹੈ। ਲੋਕ ਆਪਣੇ ਆਪ ਨੂੰ ਬੇਹੱਦ ਅਸੁਰੱਖਿਅਤ ਮਹਿਸੂਸ ਕਰ ਰਿਹਾ ਹਨ।
ਔਰਤ ਕੋਲੋਂ ਮੋਬਾਇਲ ਖੋਹਿਆ: ਤਾਜ਼ਾ ਮਾਮਲਾ, ਵਾਲਮੀਕੀ ਚੌਂਕ ਜੰਡਿਆਲਾ ਗੁਰੂ ਦੀ ਹੈ, ਜਿੱਥੇ ਇੱਕ ਰਾਹ ਜਾਂਦੀ ਔਰਤ, ਐਕਟਿਵਾ ਸਵਾਰ ਲੁਟੇਰਿਆਂ ਵਲੋਂ ਲੁੱਟ ਦਾ ਸ਼ਿਕਾਰ ਹੋ ਗਈ, ਪਰ ਪੀੜਿਤ ਔਰਤ ਵਲੋਂ ਤੁਰੰਤ ਰੌਲਾ ਪਾਏ ਜਾਣ ਕਾਰਨ ਆਮ ਲੋਕਾਂ ਵਲੋਂ ਹਰਕਤ ਵਿੱਚ ਆਉਂਦੇ ਹੋਏ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ ਹੈ। ਦਰਅਸਲ, ਜੰਡਿਆਲਾ ਗੁਰੂ ਦੇ ਨੇੜਲੇ ਪਿੰਡ ਧਾਰੜ ਦੀ ਇੱਕ ਔਰਤ ਆਪਣੇ ਬੱਚਿਆਂ ਨਾਲ ਜੰਡਿਆਲਾ ਗੁਰੂ ਦੇ ਵਾਲਮੀਕੀ ਚੌਕ ਤੋਂ ਲੰਘ ਰਹੀ ਸੀ ਕਿ ਇਸ ਦੌਰਾਨ ਪਿੱਛੋਂ ਐਕਟਿਵਾ 'ਤੇ ਸਵਾਰ ਦੋ ਲੜਕੇ ਆਏ ਅਤੇ ਔਰਤ ਦੇ ਹੱਥੋਂ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ।
ਲੋਕਾਂ ਨੇ ਦੋਵੇਂ ਲੁਟੇਰੇ ਕੀਤੇ ਕਾਬੂ: ਜਦੋਂ ਪੀੜਿਤ ਔਰਤ ਨੇ ਜ਼ੋਰ ਨਾਲ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਤਾਂ ਲੋਕਾਂ ਦੀ ਮੁਸਤੈਦੀ ਤੇ ਮਦਦ ਨਾਲ ਦੋਵੇਂ ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ। ਕਥਿਤ ਲੁਟੇਰਿਆਂ ਨੂੰ ਕਾਬੂ ਕਰਕੇ ਲੋਕਾਂ ਨੇ ਪੂਰੀ ਤਸੱਲੀ ਅਤੇ ਜੋਰ-ਸ਼ੋਰ ਨਾਲ ਉਨ੍ਹਾਂ ਉੱਤੇ ਹੱਥ ਸਾਫ਼ ਕੀਤੇ। ਲੋਕਾਂ ਨੇ ਦੱਸਿਆ ਕਿ ਜੰਡਿਆਲਾ ਵਿੱਚ ਦਿਨ-ਬ-ਦਿਨ ਲੁੱਟ-ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਹਨ, ਪਰ ਸਥਾਨਕ ਪੁਲਿਸ ਗੂੜੀ ਨੀਂਦ ਸੁੱਤੀ ਹੋਈ ਨਜਰ ਆ ਰਹੀ ਹੈ। ਇਸ ਕਾਰਨ ਹੁਣ ਇਲਾਕੇ ਦੀ ਸੁਰੱਖਿਆ ਰੱਬ ਆਸਰੇ ਮੰਨਦੇ ਹੋਏ ਆਪ ਹੀ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਲੁੱਟ ਦੀ ਵਾਰਦਾਤ ਬਾਰੇ ਪੁਲਿਸ ਨੂੰ ਕੀਤੀ ਸ਼ਿਕਾਇਤ: ਘਟਨਾ ਸਮੇਂ ਮੌਕੇ ’ਤੇ ਮੌਜੂਦ ਪਿੰਡ ਧਾਰੜ ਦੇ ਸਰਪੰਚ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਦੋਵੇਂ ਕਥਿਤ ਮੁਲਜ਼ਮ ਜ਼ਿਲ੍ਹਾ ਤਰਨਤਾਰਨ ਦੇ ਵਸਨੀਕ ਹਨ, ਜਿਨ੍ਹਾਂ ਦੇ ਨਾਮ ਕਥਿਤ ਤੌਰ ਉੱਤੇ ਵਿਸ਼ਾਲ ਅਤੇ ਸਰਬਜੀਤ ਸਿੰਘ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਦੋਵੇਂ ਮੁਲਜ਼ਮਾਂ ਨੂੰ ਆਪਣੇ ਨਾਲ ਥਾਣੇ ਲੈ ਗਈ ਹੈ।