ਅੰਮ੍ਰਿਤਸਰ: ਸ਼ਹਿਰ ’ਚ ਵਕੀਲਾਂ ਨੇ ਪੁਲਿਸ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ 12 ਫਰਵਰੀ ਨੂੰ ਰਾਤ ਸਮੇਂ ਰਾਹੁਲ ਸੇਠੀ ਵਕੀਲ ਨਾਮਕ ਨੌਜਵਾਨ ’ਤੇ ਕੁਝ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਅਤੇ ਹਮਲੇ ਦੌਰਾਨ ਉਸ ਦੇ ਗੰਭੀਰ ਸੱਟਾਂ ਲੱਗੀਆਂ। ਜਿਸ ਤੋਂ ਬਾਅਦ ਉਸ ਨੇ ਇਸ ਦੀ ਦਰਖ਼ਾਸਤ ਪੁਲਿਸ ਨੂੰ ਦਿੱਤੀ।
ਪੁਲਿਸ ਵੱਲੋਂ ਮਾਮਲੇ ’ਤੇ ਕਾਰਵਾਈ ਕਰਦੇ ਹੋਏ 23-24 ਦਾ ਪਰਚਾ ਦਰਜ ਕਰ ਦਿੱਤਾ ਅਤੇ ਨਾਖੁਸ਼ ਵਕੀਲਾਂ ਵੱਲੋਂ ਇਸ ਮਾਮਲੇ ’ਚ ਉਚਿਤ ਕਾਰਵਾਈ ਦੀ ਮੰਗ ਕਰਦੇ ਹੋਏ ਅੰਮ੍ਰਿਤਸਰ ਰਾਮਬਾਗ ਥਾਣੇ ਦੇ ਬਾਹਰ ਧਰਨਾ ਲਗਾ ਕੇ ਰੋਸ ਪ੍ਰਗਟ ਕੀਤਾ। ਪੀੜਤ ਰਾਹੁਲ ਸੇਠੀ ਵਕੀਲ ਨੇ ਦੱਸਿਆ ਕਿ 12 ਫਰਵਰੀ ਦੀ ਰਾਤ ਨੂੰ ਉਸ ਤੇ ਹਮਲਾ ਕੀਤਾ ਗਿਆ ਅਤੇ ਉਸ ਨੂੰ ਸ਼ੱਕ ਹੈ ਕਿ ਉਨ੍ਹਾਂ ਦਾ ਜੋ ਪਰਿਵਾਰਿਕ ਝਗੜਾ ਚੱਲ ਰਿਹਾ ਉਸ ਦੇ ਚਲਦੇ ਹੀ ਉਸ ’ਤੇ ਇਹ ਜਾਨਲੇਵਾ ਹਮਲਾ ਹੋਇਆ ਹੈ ਅਤੇ ਉਸ ਨੇ ਇਸ ਸੰਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਪੁਲਿਸ ਵੱਲੋਂ ਇਸ ਮਾਮਲੇ ਦੀ ਉਚਿਤ ਕਾਰਵਾਈ ਨਹੀਂ ਕੀਤੀ ਗਈ ਰਾਹੁਲ ਸੇਠੀ ਨੇ ਮੰਗ ਕੀਤੀ ਕਿ ਇਸ ਮਾਮਲੇ ’ਚ ਮੁਲਜ਼ਮਾਂ ’ਤੇ ਇਰਾਦਾ ਏ ਕਤਲ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ।
ਦੂਜੇ ਪਾਸੇ ਇਸ ਮਾਮਲੇ ’ਤੇ ਬੋਲਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਪੀੜਤ ’ਤੇ ਹਮਲਾ ਹੋਇਆ ਸੀ ਤਾਂ ਪੁਲਿਸ ਵੱਲੋਂ ਉਸੇ ਵੇਲੇ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕੀਤਾ ਗਿਆ ਸੀ। ਲੇਕਿਨ ਪੀੜਤ ਦੀ ਮੰਗ ਹੈ ਕਿ ਇਰਾਦਾ ਏ ਕਤਲ ਦਾ ਮਾਮਲਾ ਦਰਜ ਹੋਣਾ ਚਾਹੀਦਾ ਹੈ ਅਤੇ ਇਸ ਸੰਬੰਧੀ ਹੁਣ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।