ਅੰਮ੍ਰਿਤਸਰ : ਪੰਜਾਬ ਕਾਂਗਰਸ ਵਿੱਚ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਕਲੇਸ਼ ਨਵੇਂ ਮੋੜ 'ਤੇ ਆ ਗਿਆ ਸੀ। ਉਸ ਤੋਂ ਬਾਅਦ ਹਾਈ ਕਮਾਨ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਥਾਪਿਆ ਗਿਆ। ਇਹ ਐਲਾਨ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇੱਕ ਪ੍ਰੈਸ ਰੀਲੀਜ਼ ਜਾਰੀ ਕਰਕੇ ਕੀਤਾ। ਇਸ ਪ੍ਰੈਸ ਰੀਲੀਜ਼ ਤੋਂ ਬਾਅਦ ਸਿੱਧੂ ਖੇਮੇ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ।
ਕਾਂਗਰਸ ਹਾਈ ਕਮਾਨ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਰੀਲੀਜ਼ ਵਿੱਚ ਲਿਖਿਆ ਗਿਆ ਹੈ ਕਿ "ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਤੁਰੰਤ ਪ੍ਰਭਾਵ ਨਾਲ ਪੰਜਾਬ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਜਾਂਦਾ ਹੈ।" ਇਸ ਦੇ ਨਾਲ ਹੀ 4 ਕਾਰਜਕਾਰੀ ਪ੍ਰਧਾਨ ਵੀ ਐਲਾਨੇ ਗਏ ਹਨ, ਜਿੰਨਾਂ ਵਿੱਚ ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਸਿੰਘ ਡੈਨੀ, ਪਵਨ ਗੋਇਲ ਅਤੇ ਕੁਲਜੀਤ ਸਿੰਘ ਨਾਗਰਾ ਸ਼ਾਮਿਲ ਹਨ।
ਤੁਹਾਨੂੰ ਦੱਸ ਦਈਏ ਕਿ ਅੱਜ ਸਵੇਰ ਤੋਂ ਨਵਜੋਤ ਸਿੰਘ ਸਿੱਧੂ ਆਪਣੇ ਖੇਮੇ ਦੇ ਕਾਂਗਰਸੀ ਲੀਡਰਾਂ ਦੇ ਘਰੇ ਜਾ ਰਹੇ ਸਨ। ਉਨ੍ਹਾਂ ਦੇ ਸਮਰਥਕਾਂ ਵਿੱਚ ਵੀ ਸਵੇਰ ਤੋਂ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ। ਮੀਡੀਆ ਵੱਲੋਂ ਇਹ ਕਿਆਸ ਵੀ ਲਗਾਏ ਜਾ ਰਹੇ ਸਨ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੱਧੂ ਦੀ ਪ੍ਰਧਾਨਗੀ ਨੂੰ ਲੈ ਕੇ ਨਾਰਾਜ਼ਗੀ ਜਤਾਈ ਜਾ ਰਹੀ ਹੈ।
ਇਹ ਵੀ ਪੜ੍ਹੋ:ਸਿੱਧੂ ਬਣੇ ਪੰਜਾਬ ਕਾਂਗਰਸ ਦੇ ਨਵੇਂ ‘Captain’, 4 ਕਾਰਜਕਾਰੀ ਪ੍ਰਧਾਨ ਵੀ ਕੀਤੇ ਨਿਯੁਕਤ
ਇਸ ਦੇ ਬਾਵਜੂਦ ਵੀ ਕਾਂਗਰਸ ਹਾਈ ਕਮਾਨ ਵੱਲੋਂ ਇਹ ਫੈਸਲਾ ਲਏ ਜਾਣ ਤੋਂ ਬਾਅਦ ਸਿੱਧੂ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਉਨ੍ਹਾਂ ਅੰਮ੍ਰਿਤਸਰ ਦੇ ਹੋਲੀ ਸਿਟੀ ਕੋਠੀ ਵਿਚ ਸਮਰਥਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ। ਨਵਜੋਤ ਸਿੰਘ ਸਿੱਧੂ ਦੇ ਪੀ.ਏ ਜਸਮੀਤ ਸਿੰਘ ਸੋਢੀ ਨੇ ਸਭ ਆਏ ਹੋਏ ਸਮਰਥਕਾਂ ਨੂੰ ਮੁਬਾਰਕਬਾਦ ਦਿੱਤੀ ਤੇ ਇਕ ਦੂਜੇ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ।