ਅੰਮ੍ਰਿਤਸਰ : ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਭਾਈ ਸੁਖਜੀਤ ਸਿੰਘ ਖੋਸਾ ਅਤੇ ਅਖੰਡ ਕੀਰਤਨੀ ਜਥੇ ਦੇ ਆਗੂ ਭਾਈ ਬਖ਼ਸ਼ੀਸ ਸਿੰਘ ਨੇ ਆਪਣੇ ਸਾਥੀਆਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸ਼ਿਕਾਇਤ ਕੀਤੀ ਹੈ।
ਇਨ੍ਹਾਂ ਆਗੂਆਂ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਖ਼ੁਦ ਹੀ ਆਪਣੇ ਹੁਕਮਾਂ ਦੀ ਪਾਲਣਾ ਨਹੀਂ ਕਰਦੇ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ 2001 ਅਤੇ 2013 ਵਿੱਚ ਇਹ ਹੁਕਮਨਾਮਾ ਜਾਰੀ ਹੋ ਚੁੱਕਿਆ ਹੈ ਕਿ ਕਿਸੇ ਵੀ ਮਨਮੱਤੀ ਥਾਂ, ਜਠੇਰਿਆਂ ਦੀ ਥਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨਹੀਂ ਹੋ ਸਕਦੇ।
ਹੁਕਮਨਾਮਾ ਜਾਰੀ ਹੋਇਆ ਸੀ ਕਿ ਮਨਮੱਤੀ ਥਾਂ 'ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਹੋ ਸਕਦਾ ਤੇ ਹੁਣ ਜਥੇਦਾਰ ਹਰਪ੍ਰੀਤ ਸਿੰਘ ਪ੍ਰਕਾਸ਼ ਕਰਨ ਦੀ ਸਹਿਮਤੀ ਦੇ ਰਹੇ ਹਨ। ਭਾਈ ਸੁਖਜੀਤ ਸਿੰਘ ਖੋਸਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਸ੍ਰੋਮਣੀ ਕਮੇਟੀ ਦੇ ਪ੍ਰਚਾਰਕਾਂ ਵੱਲੋਂ ਸ਼ਾਜਿਸ਼ ਤਹਿਤ ਮਨਮਤੀ ਜਗ੍ਹਾ ਨੂੰ ਇਤਿਹਾਸ ਨਾਲ ਜੋੜ ਕੇ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕਾਂ ਕੋਲ ਅਜਿਹੀ ਕਿਹੜੀ ਦੈਵੀ ਸ਼ਕਤੀ ਹੈ ਕਿ ਜਠੇਰਿਆਂ ਵਾਲੀਆਂ ਜਗ੍ਹਾਵਾਂ ਗੁਰੂ ਸਾਹਿਬ ਦੇ ਪ੍ਰਕਾਸ਼ ਦੇ ਲਾਇਕ ਹੋ ਗਈਆਂ ਹਨ।
ਇਸ ਮੌਕੇ ਆਗੂਆਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਹਾਇਕ ਜਸਪਾਲ ਸਿੰਘ ਨੂੰ ਸ਼ਿਕਾਇਤ ਰੂਪੀ ਆਪਣਾ ਇੱਕ ਯਾਦ ਪੱਤਰ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਪੰਜਾਬ ਦੇ ਵੱਖ ਵੱਖ ਥਾਵਾਂ ਉੱਤੇ ਹੋਏ ਗੁਰੂ ਦੇ ਪ੍ਰਕਾਸ਼ ਦਾ ਜ਼ਿਕਰ ਕੀਤਾ। ਆਗੂਆਂ ਨੇ ਕਿਹਾ ਕਿ ਜਥੇਦਾਰ ਹਰਪ੍ਰੀਤ ਸਿੰਘ ਦੀਆਂ ਕਾਰਵਾਈਆਂ ਕਰਕੇ ਕੌਮ ਦਾ ਸਿਰ ਸ਼ਰਮ ਨਾਲ ਝੁੱਕ ਗਿਆ ਹੈ।