ਅੰਮ੍ਰਿਤਸਰ: ਕਲਗੀਧਰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਪੂਰੀ ਦੁਨੀਆਂ ਵਿੱਚ ਸਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੇਸ਼, ਵਿਦੇਸ਼ ਦੀਆਂ ਸੰਗਤਾਂ ਨੂੰ ਗੁਰੂ ਪੁਰਬ ਦੀਆਂ ਵਧਾਈਆਂ ਦਿੰਦੇ ਹੋਏ ਸਿੱਖ ਕੌਮ ਦੇ ਨਾਮ ਸੰਦੇਸ਼ ਜਾਰੀ ਕੀਤਾ ਹੈ। ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ 'ਤੇ ਚਾਨਣਾ ਪਾਉਂਦੇ ਹੋਏ ਸੰਗਤਾਂ ਨੂੰ ਉਨ੍ਹਾਂ ਦੇ ਦੱਸੇ ਮਾਰਗ 'ਤੇ ਚੱਲਣ ਦੀ ਅਪੀਲ ਕੀਤੀ ਹੈ। ਇਸ ਮੌਕੇ ਉਨ੍ਹਾਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਦੀ ਖਾਤਰ ਆਪਣੀ ਮਾਂ-ਪਿਤਾ ਅਤੇ ਚਾਰ ਪੁੱਤਰਾਂ ਨੂੰ ਵਾਰ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਜੀ ਸਿੱਖ ਕੌਮ ਦੇ ਨਹੀਂ ਬਲਕਿ ਸਮੁੱਚੀ ਮਾਨਵ ਜਾਤੀ ਦੇ ਗੁਰੂ ਹਨ। ਜਥੇਦਾਰ ਨੇ ਕਿਹਾ ਕਿ ਗੁਰੂ ਜੀ ਦੀ ਸਿੱਖ ਕੌਮ ਬਹੁਤ ਵੱਡੀ ਦੇਣ ਹੈ ਜਿਸਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।
ਅੱਜ ਦਾ ਦਿਨ ਸਿੱਖ ਕੌਮ ਦੇ ਲਈ ਬਹੁਤ ਹੀ ਮਹਾਨ ਦਿਨ ਹੈ ਕਿਉਂਕਿ ਬਹੁਤ ਘੱਟ ਸੰਗਤ ਨੂੰ ਪਤਾ ਹੈ ਕਿ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੈ, ਇਸ ਦਿਨ ਨੂੰ ਸਿੱਖ ਕੌਮ ਕੇ ਵੀ ਭੁਲਾ ਨਹੀਂ ਸਕਦੀ ਕਿਉਂਕਿ ਇਸ ਭਾਗਾਂ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਗੁਜਰੀ ਅਤੇ ਗੁਰੂ ਤੇਗ ਬਹਾਦੁਰ ਜੀ ਦੇ ਘਰ ਜਨਮ ਲਿਆ। ਇਸ ਨੂੰ ਲੈ ਕੇ ਪੰਜਾਬ ਭਰ ਦੇ ਨਾਲ-ਨਾਲ ਪਟਨਾ ਸਾਹਿਬ ’ਚ ਵੀ ਵਿਸ਼ੇਸ਼ ਰੌਣਕਾਂ ਹਨ।
ਜ਼ਿਕਰਯੋਗ ਹੈ ਕਿ ਬੀਤੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ ਸੀ ਜੋ ਕਿ ਖਰਾਬ ਮੌਸਮ ਹੋਣ ਕਾਰਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿੱਚ ਹੁੰਦਾ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਆ ਕੇ ਸੰਪਨ ਹੋਇਆ।
ਇਹ ਵੀ ਪੜ੍ਹੋ: ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਰਹੀ ਹੈ ਸੰਗਤ