ਅੰਮ੍ਰਿਤਸਰ: ਇੱਕ ਪਾਸੇ ਜਿੱਥੇ ਸਰਕਾਰ ਵਲੋਂ ਖੇਤੀ, ਕਿਸਾਨੀ ਅਤੇ ਪੰਜਾਬ ਨੂੰ ਪ੍ਰਫੁੱਲਤ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਹਰ ਬਣਦੀ ਸਹੂਲਤ ਸਥਾਨਕ ਨਗਰਾਂ ਵਿੱਚ ਦੇਣ ਦੀ ਗੱਲ ਕਹੀ ਜਾ ਰਹੀ ਹੈ। ਉਥੇ ਹੀ ਕਈ ਸਰਕਾਰੀ ਇਮਾਰਤਾਂ ਦੀ ਮੁਕੰਮਲ ਦੇਖ ਰੇਖ ਨਾ ਹੋਣ ਕਾਰਣ ਉਹ ਹੌਲੀ ਹੌਲੀ ਖੰਡਰਾਂ ਦਾ ਰੂਪ ਧਾਰਨ ਕਰ ਰਹੀਆਂ ਹਨ। ਜਿਸ ਦਾ ਲਾਭ ਕਥਿਤ ਨਸ਼ੇੜੀਆਂ ਨੂੰ ਹੋ ਰਿਹਾ ਹੈ ਅਤੇ ਉਹ ਅਜਿਹੀਆਂ ਬੰਦ ਪਈਆਂ ਖੰਡਰ ਇਮਾਰਤਾਂ ਵਿੱਚ ਕਥਿਤ ਤੌਰ 'ਤੇ ਨਸ਼ੇ ਦਾ ਸੇਵਨ ਕਰ ਰਹੇ ਹਨ। ਜਿਸ ਨਾਲ ਇਲਾਕੇ ਦਾ ਮਾਹੌਲ ਖਰਾਬ ਹੋ ਰਿਹਾ ਹੈ ਅਤੇ ਲੋਕ ਖੰਡਰ 'ਚ ਤਬਦੀਲ ਹੋ ਚੁੱਕੇ ਪਸ਼ੂ ਹਸਪਤਾਲ 'ਚ ਮੁੜ ਤੋਂ ਜਾਨ ਪਾਉਣ ਦੀ ਮੰਗ ਕਰ ਰਹੇ ਹਨ।
ਪਸ਼ੂ ਹਸਪਤਾਲ ਦੀ ਤਰਸਯੋਗ ਹਾਲਤ: ਅੰਮ੍ਰਿਤਸਰ ਦਿਹਾਤੀ ਦੇ ਕਸਬਾ ਜੰਡਿਆਲਾ ਗੁਰੂ ਦੇ ਪਸ਼ੂ ਹਸਪਤਾਲ ਦੀ ਤਰਸਯੋਗ ਹਾਲਤ ਕਿਸੇ ਤੋਂ ਲੁਕੀ ਹੋਈ ਨਹੀਂ ਹੈ ਅਤੇ ਇਸੇ ਤਰਸਯੋਗ ਹਾਲਤ ਕਾਰਣ ਲੋਕ ਆਪਣਾ ਕੋਈ ਪਸ਼ੂ ਬਿਮਾਰ ਹੋ ਜਾਣ 'ਤੇ ਇਸ ਸਰਕਾਰੀ ਪਸ਼ੂ ਹਸਪਤਾਲ ਵਿੱਚ ਨਹੀਂ ਬਲਕਿ ਸਹੀ ਸਹੂਲਤਾਂ ਨਾ ਮਿਲਣ ਕਾਰਨ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਲੈਅ ਕੇ ਜਾਣਾ ਪਸੰਦ ਕਰਦੇ ਹਨ ਤਾਂ ਜੋ ਉਨ੍ਹਾਂ ਦੇ ਪਸ਼ੂ ਨੂੰ ਚੰਗੇ ਮਾਹੌਲ ਵਿੱਚ ਸਹੀ ਸਮੇਂ 'ਤੇ ਸਹੀ ਇਲਾਜ਼ ਮਿਲ ਸਕੇ।
ਕਿਸਾਨ ਆਗੂਆਂ ਅਤੇ ਪੱਤਰਕਾਰਾਂ ਨੇ ਕੀਤਾ ਹਸਪਤਾਲ ਦਾ ਦੌਰਾ: ਇਸੇ ਦੇ ਚੱਲਦਿਆਂ ਅੱਜ ਕਿਸਾਨ ਆਗੂਆਂ ਦੇ ਨਾਲ ਪੱਤਰਕਾਰਾਂ ਦੀ ਟੀਮ ਵੱਲਂੋ ਜੰਡਿਆਲਾ ਗੁਰੂ ਦੇ ਪਸ਼ੂ ਹਸਪਤਾਲ ਦਾ ਦੌਰਾ ਕੀਤਾ ਗਿਆ।ਦੇਖਣ ਵਿੱਚ ਆਇਆ ਹੈ ਪਸ਼ੂ ਹਸਪਤਾਲ ਜੰਗਲ ਦਾ ਰੂਪ ਧਾਰਨ ਕਰ ਚੁੱਕਾ ਹੈ ਅਤੇ ਜਗ੍ਹਾ ਜਗ੍ਹਾ 'ਤੇ ਗੰਦਗੀ ਦੇ ਢੇਰ ਲੱਗੇ ਹੋਏ ਹਨ।ਇਮਾਰਤ ਦੇ ਬਾਹਰ ਅਤੇ ਅੰਦਰ ਘਾਹ, ਭੰਗ ਅਤੇ ਜੰਗਲੀ ਬੂਟੀ ਦੀ ਭਰਮਾਰ ਹੈ, ਜੋਂ ਕਿ ਇਸ ਖ਼ਸਤਾ ਹਾਲਤ ਇਮਾਰਤ ਨੇੜੇ ਰਹਿੰਦੇ ਲੋਕਾਂ ਲਈ ਬਿਮਾਰੀਆਂ ਦਾ ਸਬੱਬ ਬਣ ਰਹੀ ਹੈ।
- ਲੁਧਿਆਣਾ 'ਚ 15 ਫੁੱਟ ਦੀ ਉੱਚਾਈ ਤੇ ਲਟਕ ਗਈ ਕਰੇਨ, ਲੋਕੀਂ ਦੇਖ ਕੇ ਰਹਿ ਗਏ ਹੈਰਾਨ, ਨੇੜੇ-ਤੇੜੇ ਦੀ ਇਮਾਰਤਾਂ ਦਾ ਵੀ ਹੋਇਆ ਨੁਕਸਾਨ
- ਸਮਰਾਲਾ ITI 'ਚ ਚੋਰਾਂ ਨੇ ਕੀਤਾ ਕਾਰਾ, ਇਮਤਿਹਾਨ ਦੇ ਰਹੇ ਵਿਦਿਆਰਥੀਆਂ ਦੇ ਮੋਬਾਇਲ ਫੋਨ ਕੀਤੇ ਚੋਰੀ, ਹੋਇਆ ਹੰਗਾਮਾ
- ਮਸ਼ੀਨਾਂ 'ਤੇ ਸਬਸਿਡੀ ਕਰੇਗੀ ਕਿਸਾਨਾਂ ਨੂੰ ਖੁਸ਼ਹਾਲ ? ਸਬਸਿਡੀ ਦੇ ਨਾਂ 'ਤੇ ਗੋਰਖ ਧੰਦੇ ਦੀ ਕਿਸਾਨਾਂ ਨੇ ਖੋਲ੍ਹੀ ਪੋਲ- ਖ਼ਾਸ ਰਿਪੋਰਟ
ਪਸ਼ੂ ਹਸਪਤਾਲ ਦਾ ਕਿਸੇ ਨੂੰ ਨਹੀਂ ਸੁੱਖ: ਕਿਸਾਨ ਆਗੂਆਂ ਨੇ ਦੱਸਿਆ ਕਿ ਦੇਖਣ ਵਿੱਚ ਆਇਆ ਹੈ ਕਿ ਹਸਪਤਾਲ ਵਿੱਚ ਪਈਆਂ ਹੋਈਆਂ ਅਲਮਾਰੀਆਂ ਵਿੱਚ ਦਵਾਈਆਂ ਦਾ ਤਾਂ ਕੋਈ ਅਤਾ ਪਤਾ ਨਹੀਂ ਪਰ ਮਿੱਟੀ ਘੱਟੇ ਨਾਲ ਜ਼ਰੂਰ ਭਰੀਆਂ ਪਈਆਂ ਸਨ। ਇਮਾਰਤ ਅੰਦਰ ਪਈ ਇਕ ਫਰਿਜ ਦੇ ਹਾਲਾਤ ਇੰਨੇ ਕੁ ਬਦਤਰ ਸਨ ਕਿ ਜਿਸ ਤਰ੍ਹਾਂ ਕਈ ਸਾਲਾਂ ਤੋਂ ਉਸ ਦੀ ਵਰਤੋਂ ਹੀ ਨਾ ਕੀਤੀ ਗਈ ਹੋਵੇ। ਉਨ੍ਹਾਂ ਆਖਿਆ ਕਿ ਪੁਰਾਣੀ ਖੰਡਰ ਇਮਾਰਤ ਦੇ ਨਾਲ ਹੁਣ ਹਸਪਤਾਲ ਦੀ ਬਿਲਡਿੰਗ ਤਾਂ ਜਰੂਰ ਨਵੀਂ ਬਣਾਈ ਗਈ ਹੈ ਪਰ ਇਸ ਵਿੱਚ ਲੋਕਾਂ ਦੇ ਸੁੱਖ ਸਹੂਲਤ ਦੇ ਨਾਮ ਦੀ ਕੋਈ ਚੀਜ਼ ਨਹੀਂ ਦਿਖਾਈ ਨਹੀਂ ਦੇ ਰਹੀ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਵੇਖਦੇ ਆ ਰਹੇ ਹਨ ਕਿ ਇਸ ਪਸ਼ੂਆਂ ਵਾਲੇ ਹਸਪਤਾਲ ਵਿੱਚ ਲੋਕਾਂ ਵਾਸਤੇ ਕੋਈ ਵੀ ਸੁੱਖ ਸਹੂਲਤਾਂ ਨਹੀਂ ਹਨ। ਜਦੋਂ ਵੀ ਕੋਈ ਆਪਣੇ ਪਸ਼ੂ ਦਾ ਇਲਾਜ ਕਰਵਾਉਣ ਲਈ ਇੱਥੇ ਆਉਂਦਾ ਹੈ ਤਾਂ ਹਸਪਤਾਲ ਨੂੰ ਜਿੰਦਰਾ ਲੱਗਾ ਵੇਖ ਕੇ ਮੁੜ ਜਾਂਦਾ ਹੈ।
ਡਾਕਟਰਾਂ ਸਹੀ ਤਰੀਕੇ ਨਹੀਂ ਨਿਭਾ ਰਹੇ ਡਿਊਟੀ: ਕਿਸਾਨ ਆਗੂਆਂ ਮੁਤਾਬਿਕ ਇਸ ਹਸਪਤਾਲ ਵਿੱਚ ਕੰਮ ਕਰਦੇ ਡਾਕਟਰ ਸਰਕਾਰ ਕੋਲੋਂ ਮੋਟੀਆਂ ਮੋਟੀਆਂ ਤਨਖਾਹਾਂ ਬਟੋਰ ਰਹੇ ਹਨ ਪਰ ਸਰਕਾਰ ਵੱਲੋਂ ਲਗਾਈ ਗਈ ਡਿਊਟੀ ਨੂੰ ਕਥਿਤ ਤੌਰ 'ਤੇ ਸਹੀ ਢੰਗ ਨਾਲ ਨਹੀਂ ਨਿਭਾਅ ਰਹੇ। ਉਨ੍ਹਾਂ ਕਿਹਾ ਕਿ ਆਪਣੇ ਪਸ਼ੂ ਲੈ ਕੇ ਹਸਪਤਾਲ ਆ ਰਹੇ ਲੋਕਾਂ ਨੂੰ ਅਕਸਰ ਹੀ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ।
ਮੰਤਰੀ ਕੋਲ ਇਨਸਾਫ਼ ਦੀ ਮੰਗ: ਕਿਸਾਨ ਆਗੂਆਂ ਨੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਕੋਲੋ ਮੰਗ ਕੀਤੀ ਹੈ ਕਿ ਇਸ ਹਸਪਤਾਲ ਦਾ ਸੁਧਾਰ ਕੀਤਾ ਜਾਵੇ ਅਤੇ ਡਾਕਟਰਾਂ ਅਤੇ ਸਟਾਫ ਦੀ ਹਾਜ਼ਰੀ ਯਕੀਨੀ ਬਣਾਈ ਜਾਵੇ ਤਾਂ ਜੋ ਕੋਈ ਵੀ ਲੋੜਵੰਦ ਆਪਣੇ ਪਾਲਤੂ ਜਾਨਵਰਾਂ ਦਾ ਇਲਾਜ ਠੀਕ ਢੰਗ ਨਾਲ ਕਰਵਾ ਸਕੇ।ਇਸ ਦੌਰਾਨ ਜਦੋਂ ਪੱਤਰਕਾਰ ਵੱਲੋਂ ਪਸ਼ੂ ਹਸਪਤਾਲ ਦੀ ਇੰਚਾਰਜ ਨੂੰ ਕਾਲ ਕਰਕੇ ਉਨ੍ਹਾਂ ਦਾ ਪੱਖ ਜਾਨਣ ਦੀ ਕੋਸ਼ਿਸ ਕੀਤੀ ਤਾਂ ਉਨ੍ਹਾਂ ਨੇ ਫੋਨ ਕੱਟ ਦਿੱਤਾ।