ਅੰਮ੍ਰਿਤਸਰ: ਪਿਛਲੇ ਸਾਲ 13 ਅਪ੍ਰੈਲ ਤੋਂ ਜਲ੍ਹਿਆਂਵਾਲਾ ਬਾਗ਼ ਵਿਖੇ ਕਤਲੇਆਮ ਦੀ ਸ਼ਤਾਬਦੀ ਮਨਾਈ ਜਾ ਰਹੀ ਹੈ। ਇਸ ਵੇਲੇ ਜਲ੍ਹਿਆਂਵਾਲਾ ਬਾਗ਼ ਸਮਾਰਕ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਇਸ ਕਾਰਨ, ਕੇਂਦਰ ਸਰਕਾਰ ਵਲੋਂ ਜਲ੍ਹਿਆਂਵਾਲਾ ਬਾਗ਼ 15 ਜੂਨ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।
ਜਲ੍ਹਿਆਂਵਾਲਾ ਬਾਗ ਦਾ ਇਤਿਹਾਸ
13 ਅਪ੍ਰੈਲ, 1919 ’ਚ ਅੰਗ੍ਰੇਜ਼ ਬ੍ਰਿਗੇਡੀਅਰ ਜਨਰਲ ਡਾਇਰ ਨੇ ਜੱਲ੍ਹਿਆਂਵਾਲਾ ਬਾਗ਼ ’ਚ ਗੋਲੀਆਂ ਚਲਾਉਣ ਦੇ ਹੁਕਮ ਦਿੱਤੇ ਸਨ। ਇਸ ਕਤਲੇਆਮ ਵਿੱਚ 400 ਵਿਅਕਤੀਆਂ ਦਾ ਕਤਲ ਹੋ ਗਿਆ ਸੀ। ਉਸ ਘਿਨਾਉਣੀ ਘਟਨਾ ਤੋਂ ਬਾਅਦ ਹੀ ਭਾਰਤ ’ਚ ਆਜ਼ਾਦੀ ਦੇ ਸੰਗਰਾਮ ਦੇ ਅਨੇਕ ਸੂਰਮੇ ਤੇ ਜੋਧੇ ਪੈਦਾ ਹੋਏ ਸਨ, ਜਿਨ੍ਹਾਂ ਦੇ ਸੰਘਰਸ਼ ਸਦਕਾ ਭਾਰਤ 200 ਤੋਂ ਵੀ ਵੱਧ ਸਾਲਾਂ ਦੀ ਗ਼ੁਲਾਮੀ ਤੋਂ ਆਜ਼ਾਦ ਕਰਵਾਉਣ ਵਿੱਚ ਆਪਣਾ ਯੋਗਦਾਨ ਪਾਇਆ।
ਜਲ੍ਹਿਆਂਵਾਲਾ ਬਾਗ਼ ਦਾ ਨਵੀਨੀਕਰਨ ਕੰਮ ਪਿਆ ਪਿੱਛੇ
ਜਲ੍ਹਿਆਂਵਾਲਾ ਬਾਗ਼ ਵਿੱਚ ਸਮਾਰਕ ਉੱਤੇ ਅਜਾਇਬਘਰ, ਕਈ ਤਰ੍ਹਾਂ ਦੀਆਂ ਗੈਲਰੀਆਂ ਤੇ ਲਾਈਟ ਐਂਡ ਸਾਊਂਡ ਸ਼ੋਅ ਸਥਾਪਤ ਕੀਤੇ ਜਾ ਰਹੇ ਹਨ। ਇੱਥੇ ਨਵੀਨਕਰਨ ਦਾ ਕੰਮ ਮਾਰਚ 2020 ਤੱਕ ਮੁਕੰਮਲ ਹੋਣਾ ਸੀ, ਤਾਂ ਜੋ ਇਸ ਨੂੰ 13 ਅਪ੍ਰੈਲ ਵਿਸਾਖੀ ਵਾਲੇ ਦਿਨ ਜਨਤਾ ਵੱਲੋਂ ਸ਼ਰਧਾਂਜਲੀ ਦਿੱਤੇ ਜਾਣ ਲਈ ਖੋਲ੍ਹਿਆ ਜਾ ਸਕੇ।
ਪਰ ਕੋਵਿਡ –19 ਦੇ ਸੰਕਟ ਦੇ ਮੱਦੇਨਜ਼ਰ ਤਾਲਾਬੰਦੀ ਕਾਰਨ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇਸ ਲਈ ਹੁਣ ਜੱਲ੍ਹਿਆਂਵਾਲਾ ਬਾਗ਼ ਸਮਾਰਕ ਨੂੰ ਆਉਂਦੀ 15 ਜੂਨ ਤੱਕ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਜੱਲ੍ਹਿਆਂਵਾਲਾ ਬਾਗ਼ ਸਮਾਰਕ ’ਤੇ ਰੋਜ਼ਾਨਾ ਵੱਡੀ ਗਿਣਤੀ ’ਚ ਸੈਲਾਨੀ ਆਉਂਦੇ ਹਨ, ਇਸ ਲਈ ਇੱਥੇ ਪਹਿਲਾਂ 15 ਫ਼ਰਵਰੀ, 2020 ਤੋਂ ਲੈ ਕੇ 12 ਅਪ੍ਰੈਲ, 2020 ਤੱਕ ਆਮ ਲੋਕਾਂ ਲਈ ਇਸ ਨੂੰ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਸੀ, ਤਾਂ ਜੋ ਇਸ ਦੇ ਨਵੀਨੀਕਰਨ ਦੇ ਕੰਮਾਂ ਨੂੰ ਮਿੱਥੀ ਮਿਤੀ ਅੰਦਰ ਮੁਕੰਮਲ ਕੀਤਾ ਜਾ ਸਕੇ।
ਇਹ ਵੀ ਪੜ੍ਹੋ: ਪਟਿਆਲਾ ਵਿੱਚ ਕੋਰੋਨਾ ਦਾ ਇੱਕ ਹੋਰ ਮਾਮਲਾ ਆਇਆ ਪੌਜ਼ੀਟਿਵ