ਜਲੰਧਰ: ਅੱਜਕੱਲ੍ਹ ਦੀ ਦੁਨੀਆ ਵਿੱਚ ਜਿੱਥੇ ਜ਼ਿਆਦਾਤਰ ਲੋਕ ਸਿਰਫ਼ ਆਪਣੇ ਬਾਰੇ ਸੋਚਦੇ ਹਨ ਸਮਾਜ ਵਿੱਚ ਹਰ ਕੋਈ ਆਪਣੇ ਲਈ ਹੀ ਦੌੜ ਵਿੱਚ ਲੱਗਿਆ ਹੋਇਆ ਹੈ ਪਰ ਇਸੇ ਸਮਾਜ ਵਿੱਚ ਕੁਝ ਲੋਕ ਅਜਿਹੇ ਵੀ ਹਨ ਜੋ ਆਪਣੀ ਇਤਿਹਾਸਕ ਵਿਰਾਸਤ ਨੂੰ ਸੰਭਾਲ ਕੇ ਲੋਕਾਂ ਨੂੰ ਇਸ ਤੋਂ ਜਾਣੂ ਕਰਾਉਣ ਲਈ ਸੇਵਾ ਵਿਚ ਲੱਗੇ ਹੋਏ ਹਨ। ਫਿਰ ਭਾਵੇਂ ਉਹ ਰਸਤਾ ਚਾਹੇ ਕੋਈ ਵੀ ਹੋਵੇ। ਜਲੰਧਰ ਵਿਖੇ ਵੀ ਅਜਿਹੀ ਹੀ ਇੱਕ ਮਹਿਲਾ ਮਨਪ੍ਰੀਤ ਕੌਰ ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਆਪਣੇ ਢੰਗ ਨਾਲ ਕਰ ਰਹੀ ਹੈ ਤਾਂ ਕਿ ਅੱਜ ਦੀ ਪੀੜ੍ਹੀ ਕਿਤੇ ਇਸ ਇਤਿਹਾਸ ਅਤੇ ਸੱਭਿਆਚਾਰ ਨੂੰ ਭੁੱਲ ਹੀ ਨਾ ਜਾਏ। ਪੇਸ਼ ਹੈ ਮਨਪ੍ਰੀਤ ਕੌਰ ਦੀ ਸਮਾਜ ਦੇ ਪ੍ਰਤੀ ਇਸ ਸੇਵਾ ਦੀ ਇਹ ਖਾਸ ਰਿਪੋਰਟ .....
ਸਿੱਖ ਇਤਿਹਾਸ ਨਾਲ ਜੋੜਨ ਦਾ ਅਨੋਖਾ ਉਪਰਾਲਾ: ਜਲੰਧਰ ਦੇ ਗੁਰੂ ਤੇਗ ਬਹਾਦਰ ਨਗਰ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਹੁਣ ਤੱਕ ਆਪਣੇ ਹੱਥਾਂ ਨਾਲ ਸੈਂਕੜੇ ਪੇਂਟਿੰਗਜ਼ ਬਣਾ ਚੁੱਕੀ ਹੈ। ਮਨਪ੍ਰੀਤ ਕੌਰ ਦਾ ਇਹ ਸ਼ੌਂਕ ਉਨ੍ਹਾਂ ਨੂੰ ਬਚਪਨ ਤੋਂ ਹੀ ਲੱਗ ਗਿਆ ਸੀ। ਹੱਥਾਂ ਵਿਚ ਕਲਾਕ੍ਰਿਤੀਆਂ ਬਣਾਉਣ ਦੀ ਇਹ ਕਲਾ ਸ਼ੁਰੂ ਤੋਂ ਹੀ ਰੱਬ ਨੇ ਮਨਪ੍ਰੀਤ ਕੌਰ ਵਿੱਚ ਕੁੱਟ ਕੁੱਟ ਕੇ ਭਰੀ ਸੀ। ਉਨ੍ਹਾਂ ਦੇ ਮੁਤਾਬਕ ਉਸ ਨੇ ਆਪਣੀ ਜ਼ਿੰਦਗੀ ਦੀ ਪਹਿਲੀ ਪੇਂਟਿੰਗ ਇਕ ਅਜਿਹੀ ਮਹਿਲਾ ਦੀ ਬਣਾਈ ਸੀ ਜੋ ਅਸਮਾਨ ਵਿੱਚ ਉੱਡ ਰਹੀ ਸੀ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਪੇਂਟਿੰਗ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਰਿਹਾ ਅਤੇ ਆਪਣੀ ਜ਼ਿੰਦਗੀ ਵਿੱਚ ਉਨ੍ਹਾਂ ਨੇ ਸੈਂਕੜੇ ਪੇਂਟਿੰਗਾਂ ਅਤੇ ਲੋਕਾਂ ਦੇ ਪੋਰਟਰੇਟ ਬਣਾਏ। ਅੱਜ ਉਨ੍ਹਾਂ ਦੀਆਂ ਪੇਂਟਿੰਗਜ਼ ਨਾ ਸਿਰਫ ਪੰਜਾਬ ਬਲਕਿ ਦੁਨੀਆ ਦੇ ਅਲੱਗ ਅਲੱਗ ਦੇਸ਼ਾਂ ਵਿਚ ਰਹਿ ਰਹੇ ਪੰਜਾਬੀ ਉਨ੍ਹਾਂ ਕੋਲੋਂ ਮੰਗਵਾਉਂਦੇ ਹਨ। ਅੱਜ ਮਨਪ੍ਰੀਤ ਕੌਰ ਨੂੰ ਦੁਨੀਆ ਦੇ ਅਲੱਗ ਅਲੱਗ ਕੋਨੇ ਵਿੱਚ ਰਹਿ ਰਿਹਾ ਹਰ ਉਹ ਪੰਜਾਬੀ ਜਾਣਦਾ ਹੈ ਜੋ ਪੇਂਟਿੰਗਜ਼ ਦਾ ਸ਼ੌਂਕ ਰੱਖਦਾ ਹੈ।
ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਪੇਂਟਿੰਗਸ ਬਣਾਉਣਾ ਦਾ ਹੈ ਸ਼ੌਂਕ: ਮਨਪ੍ਰੀਤ ਕੌਰ ਦੱਸਦੇ ਨੇ ਕਿ ਉਹ ਇੱਕ ਵਾਰ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਖਡੂਰ ਸਾਹਿਬ ਇਲਾਕੇ ਵਿੱਚ ਇੱਕ ਗੁਰਦੁਆਰਾ ਸਾਹਿਬ ਗਏ ਜਿੱਥੇ ਜਾ ਕੇ ਉਨ੍ਹਾਂ ਨੂੰ ਇਸ ਤਰ੍ਹਾਂ ਲੱਗਾ ਕੇ ਉਨ੍ਹਾਂ ਨੂੰ ਚਾਹੀਦਾ ਹੈ ਕਿ ਸਿੱਖ ਇਤਿਹਾਸ ਨਾਲ ਜੁੜੀਆਂ ਪੇਂਟਿੰਗਜ਼ ਨੂੰ ਬਣਾਇਆ ਜਾਵੇ ਅਤੇ ਅੱਜ ਦੀ ਪੀੜ੍ਹੀ ਨੂੰ ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਨਾਲ ਜੋੜਿਆ ਜਾਵੇ। ਉਹ ਦੱਸਦੇ ਨੇ ਕਿ ਉਨ੍ਹਾਂ ਨੇ ਕਈ ਸਾਲ ਪਹਿਲਾਂ ਇਹ ਪੇਂਟਿੰਗਜ਼ ਬਣਾਉਣੀਆਂ ਸ਼ੁਰੂ ਕੀਤੀਆਂ।
ਪੇਂਟਿੰਗ ਬਣਾਉਣ ਦੇ ਨਹੀਂ ਲੈਂਦੇ ਪੈਸੇੇ: ਉਨ੍ਹਾਂ ਦੀਆਂ ਬਣਾਈਆਂ ਹੋਈਆਂ ਪੇਂਟਿੰਗਜ਼ ਵੱਖ-ਵੱਖ ਗੁਰਦੁਆਰਾ ਸਾਹਿਬ ਵਿੱਚ ਲਗਾਈਆਂ ਗਈਆਂ ਹਨ। ਇਹੀ ਨਹੀਂ ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਲੋਕ ਉਨ੍ਹਾਂ ਦੀਆਂ ਬਣਾਈਆਂ ਖੂਬਸੂਰਤ ਸਾਰੀਆਂ ਪੇਂਟਿੰਗਜ਼ ਲਗਾਤਾਰ ਮੰਗਾਉਂਦੇ ਰਹਿੰਦੇ ਹਨ। ਮਨਪ੍ਰੀਤ ਕੌਰ ਦੱਸਦੇ ਨੇ ਕਿ ਇਹ ਧਾਰਮਿਕ ਪੇਂਟਿੰਗਜ਼ ਬਣਾਉਣ ਦੇ ਬਦਲੇ ਉਨ੍ਹਾਂ ਨੇ ਕਦੇ ਕਿਸੇ ਕੋਲੋਂ ਕੋਈ ਪੈਸਾ ਨਹੀਂ ਲਿਆ। ਉਨ੍ਹਾਂ ਮੁਤਾਬਕ ਜੇਕਰ ਕੋਈ ਉਨ੍ਹਾਂ ਨੂੰ ਇਸ ਦੀ ਕੀਮਤ ਦਿੰਦਾ ਵੀ ਹੈ ਤਾਂ ਉਸ ਨੂੰ ਗੁਰਦੁਆਰਾ ਸਾਹਿਬ ਵਿਖੇ ਚੜ੍ਹਾ ਦਿੰਦੇ ਹਨ ਤਾਂ ਕਿ ਉਹ ਪੈਸੇ ਕਿਸੇ ਦੇ ਕੰਮ ਆ ਸਕਣ। ਮਨਪ੍ਰੀਤ ਕੌਰ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਇੰਨ੍ਹਾਂ ਪੇਂਟਿੰਗਸ ਦੇ ਜ਼ਰੀਏ ਅੱਜ ਦੀ ਪੀੜ੍ਹੀ ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਬਾਰੇ ਜਾਣੂ ਹੋਵੇ ਕਿਉਂਕਿ ਅੱਜ ਦੇ ਬੱਚੇ ਅਤੇ ਨੌਜਵਾਨ ਮੋਬਾਇਲਾਂ ਅਤੇ ਇੰਟਰਨੈੱਟ ਵਿੱਚ ਕਿਤੇ ਗੁਆਚ ਗਏ ਹਨ।
ਘਰ ਦੇ ਵੀ ਮਨਪ੍ਰੀਤ ਦੇ ਇਸ ਕੰਮ ਵਿੱਚ ਕਰਦੇ ਨੇ ਉਨ੍ਹਾਂ ਦੀ ਪੂਰੀ ਸਪੋਰਟ: ਮਨਪ੍ਰੀਤ ਕੌਰ ਬਾਰੇ ਉਸਦੇ ਸਹੁਰੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ’ਤੇ ਬਹੁਤ ਮਾਣ ਹੈ ਕਿ ਉਨ੍ਹਾਂ ਦੀ ਧੀ ਨੂੰ ਅੱਜ ਪੇਂਟਿੰਗ ਦੇ ਜ਼ਰੀਏ ਲੋਕੀ ਪਛਾਣਦੇ ਹਨ ਅਤੇ ਇਸ ਤੋਂ ਵੀ ਉੱਪਰ ਇਹ ਕੇ ਉਹ ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਪੇਂਟਿੰਗ ਬਣਾ ਕੇ ਅੱਜ ਦੀ ਪੀੜ੍ਹੀ ਨੂੰ ਸਿੱਖ ਇਤਿਹਾਸ ਅਤੇ ਸੱਭਿਆਚਾਰ ਦੀ ਜਾਣਕਾਰੀ ਦੇ ਰਹੀ ਹੈ।
ਉਨ੍ਹਾਂ ਦੇ ਮੁਤਾਬਕ ਅੱਜ ਲੋਕ ਆਪਣੀਆਂ ਨੂੰਹ-ਧੀਆਂ ਨੂੰ ਘਰਾਂ ਤੱਕ ਹੀ ਸੀਮਤ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਲੋਕਾਂ ਦੀ ਜੋ ਇਹ ਕੋਸ਼ਿਸ਼ ਹੁੰਦੀ ਹੈ ਕਿ ਨੂੰਹਾਂ-ਧੀਆਂ ਘਰਾਂ ਦੇ ਚੌਕੇ ਅਤੇ ਬੱਚੇ ਸੰਭਾਲਣ ਤੱਕ ਹੀ ਸੀਮਿਤ ਰਹਿਣ ਪਰ ਉਨ੍ਹਾਂ ਲੋਕਾਂ ਦੀ ਇਹ ਸੋਚ ਬਿਲਕੁਲ ਗਲਤ ਹੈ। ਉਹ ਕਹਿੰਦੇ ਹਨ ਕਿ ਨੂੰਹਾਂ-ਧੀਆਂ ਨੂੰ ਜ਼ਿੰਦਗੀ ਵਿੱਚ ਆਜ਼ਾਦੀ ਹੋਣੀ ਚਾਹੀਦੀ ਹੈ ਤਾਂ ਕਿ ਉਹ ਅੱਗੇ ਕੁਝ ਕਰ ਸਕਣ।
ਇਹ ਵੀ ਪੜ੍ਹੋ: ਜਿੱਤ ਤੋਂ ਬਾਅਦ ਸਿਮਰਨਜੀਤ ਮਾਨ ਦਾ ਵਿਰੋਧੀਆਂ ’ਤੇ ਹਮਲਾ, ਸੁਣੋ ਲੋਕਸਭਾ 'ਚ ਕਿਹੜੇ ਮੁੱਦੇ ਚੁੱਕਣਗੇ ਮਾਨ ?