ਅੰਮ੍ਰਿਤਸਰ: ਆਪਣੇ ਘਰਾਂ ਵਿੱਚ ਕਰੋਨਾ ਕਾਰਨ ਏਕਾਂਤਵਾਸ ਹੋਏ ਮਰੀਜਾਂ ਲਈ ਜ੍ਹਿਲਾ ਪ੍ਰਸਾਸ਼ਨ ਇੱਕ ਨਵੀਂ ਪਹਿਲ ਕਰਦਿਆਂ 'ਆਈਸੋਕੇਅਰ' ਐਪ ਲਾਂਚ ਕਰਨ ਜਾ ਰਿਹਾ ਹੈ, ਇਸ ਸਬੰਧੀ ਦਫ਼ਤਰ ਨਗਰ ਨਿਗਮ ਵਿਖੇ ਅਧਿਕਾਰੀਆਂ ਨੂੰ ਪਾਇਲਟ ਪ੍ਰਾਜੈਕਟ ਤਹਿਤ ਆਈਸੋਕੇਅਰ ਸਬੰਧੀ ਟ੍ਰੇਨਿੰਗ ਦਿੱਤੀ ਗਈ।
ਸਰਕਾਰ ਦੇ ਇਸ ਪ੍ਰਾਜੈਕਟ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪਾਇਲਟ ਪ੍ਰਾਜੈਕਟ ਦੇ ਤੌਰ ਤੇ ਸਭ ਤੋਂ ਪਹਿਲਾਂ ਸਰਕਾਰੀ ਮੁਲਾਜਮ ਜੋ ਕਿ ਕੋਵਿਡ 19 ਮਹਾਂਮਾਰੀ ਦੌਰਾਨ ਏਕਾਂਤਵਾਸ ਵਿੱਚ ਹਨ ਤੇ ਇਸ ਐਪ ਰਾਂਹੀ ਉਨ੍ਹਾਂ ਦੀ ਨਿਗਰਾਨੀ ਕੀਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਦੇ ਕਾਮਯਾਬ ਹੋਣ ਤੇ ਆਮ ਲੋਕਾਂ ਨੂੰ ਵੀ ਇਹ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ। ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਐਪ ਨੂੰ ਗੁਰੂ ਨਾਨਕ ਦੇਵ ਹਸਪਤਾਲ ਅਤੇ ਅਮਨਦੀਪ ਹਸਪਤਾਲ ਵਲੋਂ ਪਹਿਲਾਂ ਹੀ ਕੋਵਿਡ 19 ਮਰੀਜਾਂ ਦੀ ਨਿਗਰਾਨੀ ਲਈ ਵਰਤਿਆ ਜਾ ਰਿਹਾ ਹੈ ਤੇ ਹੁਣ ਜਿਲ੍ਹਾ ਪ੍ਰਸਾਸ਼ਨ ਵਲੋਂ ਇਸ ਦਾ ਘੇਰਾ ਵਧਾ ਕੇ ਸਾਰੇ ਏਕਾਂਤਵਾਸ ਕੀਤੇ ਗਏ ਮਰੀਜਾਂ ਦੀ ਨਿਗਰਾਨੀ ਕੀਤੀ ਜਾਵੇਗੀ।
ਇਸ ਦੌਰਾਨ ਵਧੀਕ ਕਮਿਸ਼ਨਰ ਨਗਰ ਨਿਗਮ ਸੰਦੀਪ ਰਿਸ਼ੀ ਨੇ ਦੱਸਿਆ ਕਿ ਡੀਸੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਖਹਿਰਾ ਤੇ ਨਗਰ ਨਿਗਮ, ਕਮਿਸ਼ਨਰ ਮੈਡਮ ਕੋਮਲ ਮਿੱਤਲ ਦੀ ਅਗਾਵਈ ’ਚ ਤਿਆਰ ਕੀਤੇ ਗਏ, ਇਸ ਐਪ ਦੀਆਂ ਕਈ ਵਿਸ਼ੇਸ਼ਤਾਵਾਂ ਹਨ। ਉਨ੍ਹਾਂ ਦੱਸਿਆ ਕਿ ਇਸ ਐਪ ਰਾਹੀਂ ਮਰੀਜਾਂ ਦੀ ਅਸਾਨ ਰਜਿਸਟਰੇਸ਼ਨ, ਸਿਹਤ ਦੀ ਲਾਈਵ ਨਿਗਰਾਨੀ, ਮਰੀਜਾਂ ਲਈ ਪ੍ਰਸ਼ਨਾਵਲੀ, ਦੈਨਿਕ ਨਿਗਰਾਨੀ ਤੇ ਟਰੈਕਿੰਗ, ਕੋਵਿਡ ਮਰੀਜਾਂ ਨਾਲ ਲਾਈਵ ਚੈਟ, ਅਲਾਰਮਿੰਗ, ਮੋਨੀਟਰਿੰਗ ਅਤੇ ਰਿਪੋਰਟਿੰਗ ਵੀ ਕੀਤੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਇਸ ਐਪ ਰਾਹੀਂ ਏਕਾਂਤਵਾਸ ਹੋਏ ਮਰੀਜ ਆਪਣਾ ਬਲੱਡ ਪ੍ਰੈਸ਼ਰ, ਸ਼ੂਗਰ, ਆਕਸੀਜਨ ਲੈਵਲ ਆਦਿ ਚੈੱਕ ਕਰਵਾਉਣ ਅਤੇ ਸਿਹਤ ਖ਼ਰਾਬ ਹੋਣ ’ਤੇ ਰਾਬਤਾ ਕਰ ਸਕਦੇ ਹਨ ਅਤੇ ਪ੍ਰਸ਼ਾਸ਼ਨ ਵਲੋਂ ਉਨ੍ਹਾਂ ਨੂੰ ਤੁਰੰਤ ਸਹਾਇਤਾ ਮੁਹੱਈਆ ਕਰਵਾਈ ਜਾ ਸਕੇਗੀ।