ਅੰਮ੍ਰਿਤਸਰ : ਇੱਕ ਪਾਸੇ ਜਿੱਥੇ ਦੇਸ਼ਵਾਸੀ ਧੂਮਧਾਮ ਨਾਲ ਆਜ਼ਾਦੀ ਦਿਹਾੜਾ ਮਨਾ ਰਹੇ ਹਨ, ਉੱਥੇ ਹੀ ਦੇਸ਼ ਸੇਵਾ ਕਰਦਿਆਂ ਹੋਇਆਂ ਆਪਣਿਆਂ ਨੂੰ ਛੱਡ ਕੇ ਜਾ ਚੁੱਕੇ ਸ਼ਹੀਦ ਨੌਜਵਾਨਾਂ ਦੇ ਪਰਿਵਾਰ ਅੱਜ ਵੀ ਉਨ੍ਹਾਂ ਨੂੰ ਯਾਦ ਕੇ ਭਾਵੁਕ ਹੋਏ ਨਜ਼ਰ ਆ ਰਹੇ ਹਨ। ਬਿਆਸ ਦੇ ਨੇੜਲੇ ਪਿੰਡ ਗੁਰੂ ਨਾਨਕਪੁਰਾ ਦੇ ਵਸਨੀਕ ਨੌਜਵਾਨ ਰੇਸ਼ਮ ਸਿੰਘ ਫ਼ੌਜ ਵਿੱਚ ਸੇਵਾਵਾਂ ਨਿਭਾਉਂਦੇ ਹੋਏ ਢਾਈ ਸਾਲ ਪਹਿਲਾਂ ਸ਼ਹੀਦ ਹੋ ਗਏ ਸਨ, ਜਿਨ੍ਹਾਂ ਨੂੰ ਯਾਦ ਕਰਦਿਆਂ ਅੱਜ ਸ਼ਹੀਦ ਰੇਸ਼ਮ ਸਿੰਘ ਖੇਡ ਮੈਦਾਨ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਗਿਆ।
ਲੋਕਾਂ ਨੇ ਲਗਾਏ ਸ਼ਹੀਦ ਲਈ ਜਿੰਦਾਬਾਦ ਦੇ ਨਾਅਰੇ : ਇਸ ਮੌਕੇ ਆਪਣੇ ਪੁੱਤ ਸ਼ਹੀਦ ਰੇਸ਼ਮ ਸਿੰਘ ਦੀ ਤਸਵੀਰ ਨੂੰ ਦੇਖ ਸ਼ਰਧਾਂਜਲੀ ਭੇਂਟ ਕਰ ਰਹੀ ਉਸਦੀ ਮਾਂ ਆਪਣੀਆਂ ਭਾਵਨਾਵਾਂ ਨੂੰ ਰੋਕ ਨਹੀਂ ਸਕੀ ਅਤੇ ਭੁੱਬਾਂ ਮਾਰ ਰੋਣ ਲੱਗੀ, ਜਿਸਨੂੰ ਦੇਖ ਕੇ ਹਾਜ਼ਿਰ ਲੋਕ ਵੀ ਇੱਕ ਵਾਰ ਭਾਵੁਕ ਹੋ ਗਏ ਅਤੇ ਉਨ੍ਹਾਂ ਸ਼ਹੀਦ ਰੇਸ਼ਮ ਸਿੰਘ ਅਮਰ ਰਹੇ ਦੇ ਨਾਅਰੇ ਲਗਾ ਕੇ ਇਸ ਮਾਂ ਨੂੰ ਹੌਂਸਲਾ ਦਿੱਤਾ ਗਿਆ। ਆਜਾਦੀ ਦਿਹਾੜੇ ਮੌਕੇ ਰੱਖੇ ਇਸ ਪ੍ਰੋਗਰਾਮ ਦੌਰਾਨ ਸਰਕਾਰੀ ਐਲੀਮੈਂਟਰੀ ਸਕੂਲ ਗੁਰੂ ਨਾਨਕਪੁਰਾ ਦੇ ਸਟਾਫ, ਸਕੂਲੀ ਬੱਚਿਆਂ, ਪੰਚਾਇਤ ਵਿਭਾਗ ਅਧਿਕਾਰੀ, ਪੁਲਿਸ ਪ੍ਰਸ਼ਾਸਨ ਅਧਿਕਾਰੀ ਆਦਿ ਹਾਜ਼ਿਰ ਰਹੇ।
ਸ਼ਹੀਦ ਦੇ ਨਾਂ 'ਤੇ ਬਣਾਇਆ ਜਾ ਰਿਹਾ ਗੇਟ : ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਉਪਰੰਤ ਰਾਸ਼ਟਰੀ ਗੀਤ ਗਾਇਨ ਕੀਤਾ ਗਿਆ ਅਤੇ ਸ਼ਹੀਦ ਰੇਸ਼ਮ ਸਿੰਘ ਦੇ ਪਰਿਵਾਰ ਵਲੋਂ ਸਕੂਲੀ ਬੱਚਿਆਂ ਨੂੰ ਸਟੇਸ਼ਨਰੀ ਦਾ ਸਾਮਾਨ ਵੰਡਿਆ ਗਿਆ। ਇਸ ਤੋਂ ਇਲਾਵਾ ਪੰਚਾਇਤ ਵਿਭਾਗ ਅਧੀਕਾਰੀਆਂ ਨੇ ਪੰਜਾਬ ਸਰਕਾਰ ਵਲੋਂ ਬੂਟੇ ਲਗਾ ਕੇ ਵਾਤਾਵਰਨ ਸੰਭਾਲ ਦਾ ਸੁਨੇਹਾ ਦਿੱਤਾ। ਸ਼ਹੀਦ ਰੇਸ਼ਮ ਸਿੰਘ ਦੇ ਪਿਤਾ ਰਾਜੂ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਅੱਜ ਸ਼ਹੀਦ ਰੇਸ਼ਮ ਸਿੰਘ ਖੇਡ ਮੈਦਾਨ ਵਿੱਚ ਆਜਾਦੀ ਦਿਹਾੜਾ ਮਨਾਇਆ ਗਿਆ ਹੈ। ਇਸ ਦੌਰਾਨ ਬਲਾਕ ਦਫਤਰ ਪੰਚਾਇਤ ਵਿਭਾਗ, ਪੁਲਿਸ ਪ੍ਰਸ਼ਾਸਨ ਵਲੋਂ ਮਿਲੇ ਸਹਿਯੋਗ ਲਈ ਉਹ ਧੰਨਵਾਦ ਕਰਦੇ ਹਾਂ। ਪਿੰਡ ਵਾਸੀ ਸੁਰਜੀਤ ਸਿੰਘ ਨੇ ਦੱਸਿਆ ਕਿ ਖੇਡ ਮੈਦਾਨ ਵਿੱਚ ਸ਼ਹੀਦ ਰੇਸ਼ਮ ਸਿੰਘ ਦੇ ਨਾਮ ਤੇ ਗੇਟ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ।