ਅੰਮ੍ਰਿਤਸਰ: ਜੰਡਿਆਲਾ ਵਿੱਖੇ ਬੁੱਧਵਾਰ ਨੂੰ ਹੋਈ ਪੁਲਿਸ ਤੇ ਗੈਂਗਸਟਰ ਵਿਚਾਲੇ ਮੁਠਭੇੜ ਦੌਰਾਨ 4 ਲੋਕਾਂ ਦੇ ਕਤਲ ਦੇ ਮਾਮਲਿਆਂ ਵਿੱਚ ਮੋਸਟ ਵਾਂਟੇਡ ਗੈਂਗਸਟਰ ਅੰਮ੍ਰਿਤਪਾਲ ਸਿੰਘ ਅਮਰੀ ਦੀ ਮੌਤ ਹੋ ਗਈ ਹੈ, ਜਦਕਿ ਇੱਕ ਪੁਲਿਸ ਮੁਲਾਜ਼ਮ ਜਖਮੀ ਹੋਇਆ ਹੈ। ਦੱਸ ਦਈਏ ਕਿ ਪੁਲਿਸ ਮੌਕੇ ਉੱਤੇ ਹੈਰੋਇਨ ਦੀ ਬਰਾਮਦਗੀ ਲਈ ਗਈ ਸੀ, ਜਿੱਥੇ ਦੋਹਾਂ ਵਿਚਾਲੇ ਹੋਈ ਗੋਲੀਬਾਰੀ ਦੌਰਾਨ ਅਮਰੀ ਦੀ ਮੌਤ ਹੋ ਗਈ ਅਤੇ ਇੱਕ ਪੁਲਿਸ ਮੁਲਾਜ਼ਮ ਜਖ਼ਮੀ ਹੋ ਗਿਆ, ਜੋ ਕਿ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਪੁੱਤਰ ਨੂੰ ਬੇਦਖਲ ਕੀਤਾ ਸੀ: ਮ੍ਰਿਤਕ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਵਿੱਚ ਮਾਤਮ ਦਾ ਮਾਹੌਲ ਛਾਇਆ ਹੋਇਆ ਹੈ। ਅੰਮ੍ਰਿਤਪਾਲ ਸਿੰਘ ਪਿੰਡ ਭੰਗਵਾਂ ਦਾ ਰਹਿਣ ਵਾਲਾ ਹੈ। ਅਮਰੀ ਦੇ ਪਿਤਾ ਮਨਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਮ੍ਰਿਤਕ ਅਮਰੀ ਰਾਜ ਮਿਸਤਰੀ ਨਾਲ ਲੇਬਰ ਦਾ ਕੰਮ ਕਰਦਾ ਸੀ। ਇਸ ਤੋਂ ਇਲਾਵਾ ਉਹ ਕੀ ਕੰਮ ਕਰਦੀ ਸੀ ਕੀ ਨਹੀਂ, ਇਸ ਬਾਰੇ ਸਾਨੂੰ ਕੁਝ ਨਹੀਂ ਪਤਾ। ਉਸ ਨੂੰ ਅਸੀ ਅੱਕ ਕੇ ਬੇਦਖ਼ਲ ਕੀਤਾ ਹੋਇਆ ਸੀ। ਉਸ ਦਾ ਕਿਸ ਕਤਲ ਮਾਮਲੇ ਵਿੱਚ ਨਾਮ ਹੈ ਜਾਂ ਉਹ ਸ਼ਾਮਲ ਹੈ ਜਾਂ ਨਹੀਂ ਸਾਨੂੰ ਨਹੀਂ ਪਤਾ। ਉਨ੍ਹਾਂ ਕਿਹਾ ਕਿ ਪਿਛਲੇ ਢਾਈ ਸਾਲ ਤੋਂ ਅਮਰੀ ਘਰ ਨਹੀਂ ਆ ਰਿਹਾ ਸੀ।
ਹੈਰੋਇਨ ਦਾ ਬਰਾਮਦਗੀ ਕਰਨ ਗਈ ਸੀ ਪੁਲਿਸ: ਮੌਕੇ ਉੱਤੇ ਪਹੁੰਚੇ ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਅਮਰੀ ਨੂੰ ਕੱਲ੍ਹ ਗ੍ਰਿਫ਼ਤਾਰ ਕੀਤਾ ਗਿਆ ਸੀ। ਅਮਰੀ ਨੇ ਪੁਲਿਸ ਪੁੱਛਗਿੱਛ ਦੌਰਾਨ ਦੱਸਿਆ ਸੀ ਕਿ ਉਸ ਨੇ ਨਹਿਰ ਦੇ ਕੰਢੇ 2 ਕਿਲੋ ਹੈਰੋਇਨ ਲੁਕਾ ਕੇ ਰੱਖੀ ਹੈ, ਜਿਸ ਤੋਂ ਬਾਅਦ ਪੁਲਿਸ ਟੀਮ ਹੈਰੋਇਨ ਬਰਾਮਦ ਕਰਨ ਲਈ ਉੱਥੇ ਗਈ ਸੀ। ਪਰ, ਗੈਂਗਸਟਰ ਨੇ ਉੱਥੇ ਇੱਕ ਪਿਸਤੌਲ ਵੀ ਛੁਪਾਇਆ ਹੋਇਆ ਸੀ। ਹੈਰੋਇਨ ਕੱਢਣ ਦੇ ਬਹਾਨੇ ਉਸ ਨੇ ਉਥੇ ਰੱਖੇ ਪਿਸਤੌਲ ਨਾਲ ਗੋਲੀ ਚਲਾ ਦਿੱਤੀ ਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗਾ ਸੀ। ਜਦੋਂ ਪੁਲਿਸ ਨੇ ਉਸ ਨੂੰ ਰੁਕਣ ਲਈ ਕਿਹਾ, ਤਾਂ ਉਹ ਰੁਕਿਆ ਨਹੀਂ, ਬਲਕਿ ਗੋਲੀਬਾਰੀ ਜਾਰੀ ਰੱਖੀ। ਇਸੇ ਦੌਰਾਨ ਫਿਰ ਜਵਾਬੀ ਕਾਰਵਾਈ ਕਰਦੇ ਹੋਏ ਪੁਲਿਸ ਨੇ ਗੋਲੀਬਾਰੀ ਕਰ ਦਿੱਤੀ, ਜਿਸ ਕਾਰਨ ਗੈਂਗਸਟਰ ਦੀ ਮੌਤ ਹੋ ਗਈ।
ਇਨ੍ਹਾਂ ਮਾਮਲਿਆਂ 'ਚ ਵਾਂਟੇਡ ਸੀ ਗੈਂਗਸਟਰ ਅਮਰੀ : ਦੱਸ ਦਈਏ ਕਿ ਜੰਡਿਆਲਾ ਗੁਰੂ ਵਿੱਚ ਮਾਰੇ ਗਏ ਗੈਂਗਸਟਰ ਦੀ ਪਛਾਣ ਅੰਮ੍ਰਿਤਪਾਲ ਅਮਰੀ ਵੱਜੋਂ ਹੋਈ ਹੈ। ਮ੍ਰਿਤਕ ਗੈਂਗਸਟਰ ਜੰਡਿਆਲਾ ਗੁਰੂ ਦੇ ਪਿੰਡ ਭਗਵਾਂ ਦਾ ਰਹਿਣ ਵਾਲਾ ਹੈ। ਉਸ ਦੀ ਉਮਰ ਕਰੀਬ 20 ਤੋਂ 23 ਸਾਲ ਦੱਸੀ ਜਾ ਰਹੀ ਹੈ। ਮ੍ਰਿਤਕ ਗੈਂਗਸਟਰ ਅੰਮ੍ਰਿਤਪਾਲ ਅਮਰੀ 3 ਕਤਲ ਕੇਸਾਂ ਵਿੱਚ ਸ਼ਾਮਲ ਸੀ, ਜਿਸ ਵਿੱਚ 4 ਲੋਕਾਂ ਦਾ ਕਤਲ ਕੀਤਾ ਗਿਆ ਸੀ।