ਅੰਮ੍ਰਿਤਸਰ: ਸੂਬੇ 'ਚ ਨਸ਼ਾ ਤਸਕਰੀ ਨੂੰ ਰੋਕਣ ਲਈ ਪੁਲਿਸ ਪੂਰੀ ਤਰ੍ਹਾਂ ਸਰਗਰਮ ਹੈ। ਜਿਸ ਦੇ ਤਹਿਤ ਪੁਲਿਸ ਵਲੋਂ ਸਖ਼ਤੀ ਕਰਦਿਆਂ ਕਈ ਨਸ਼ੇ ਦੇ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੀ ਪੁਲਿਸ ਟੀਮ ਵਲੋਂ ਨਸ਼ੇ ਦੇ ਕੇਸ 'ਚ ਲੋੜੀਂਦੇ ਵਿਅਕਤੀ ਦੀ ਗ੍ਰਿਫ਼ਤਾਰੀ ਲਈ ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੇ ਕਸਬਾ ਜੰਡਿਆਲਾ 'ਚ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ 'ਚ ਪੁਲਿਸ ਨੂੰ ਵੱਡੀ ਮਾਤਰਾ 'ਚ ਹੈਰੋਇਨ ਅਤੇ ਡਰੱਗ ਮਨੀ ਸਮੇਤ ਲੜਕੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੰਡਿਆਲਾ ਦੇ ਡੀ.ਐੱਸ.ਪੀ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ ਹੁਸ਼ਿਆਰਪੁਰ ਪੁਲਿਸ ਵਲੋਂ ਦੋ ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਗਏ ਸਨ। ਉਸ ਕੇਸ 'ਚ ਕੰਮ ਕਰਦਿਆਂ ਕਥਿਤ ਮੁਲਜ਼ਮਾਂ ਨੇ ਪੁਲਿਸ ਨੂੰ ਦੱਸਿਆ ਕਿ ਇਹ ਨਸ਼ਾ ਜੰਡਿਆਲਾ ਤੋਂ ਕਥਿਤ ਮੁਲਜ਼ਮ ਜਸਬੀਰ ਸਿੰਘ ਕੋਲੋਂ ਲੈ ਕੇ ਆਏ ਹਨ। ਜਿਸ ਤਹਿਤ ਦਬਿਸ਼ ਦਿੰਦਿਆਂ ਪੁਲਿਸ ਵਲੋਂ ਛਾਪੇਮਾਰੀ ਕੀਤੀ ਗਈ ਅਤੇ ਕਥਿਤ ਮੁਲਜ਼ਮ ਜਸਬੀਰ ਸਿੰਘ ਮੌਕੇ ਦਾ ਫਾਇਦਾ ਚੁੱਕ ਕੇ ਭੱਜ ਗਿਆ।
ਉਨ੍ਹਾਂ ਦੱਸਿਆ ਕਿ ਮੁਲਜ਼ਮ ਦੀ ਭਾਲ ਲਈ ਸਥਾਨਕ ਪੁਲਿਸ ਵੀ ਛਾਪੇਮਾਰੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਪੁਲਿਸ ਵਲੋਂ ਘਰ ਚ ਰੇਡ ਕਰਕੇ ਡੇਢ ਕਿਲੋ ਹੈਰੋਇਨ, 50 ਲੱਖ ਦੇ ਕਰੀਬ ਡਰੱਗ ਮਨੀ ਅਤੇ ਅੱਧਾ ਕਿਲੋ ਸੋਨੇ ਤੋਂ ਇਲਾਵਾ ਘਰ ਵਿੱਚ ਮੌਜੂਦ ਲੜਕੀ ਨੂੰ ਗ੍ਰਿਫ਼ਤਾਰ ਕਰਕੇ ਲੈ ਗਈ ਹੈ। ਉਨ੍ਹਾਂ ਦੱਸਿਆ ਕਿ ਕਥਿਤ ਮੁਲਜ਼ਮ ਦਾ ਜੰਡਿਆਲਾ 'ਚ ਲੋਕਲ ਸਪਲਾਈ ਦਾ ਕੋਈ ਕੰਮ ਨਹੀਂ ਸੀ ਅਤੇ ਬਾਹਰ ਹੀ ਸਪਲਾਈ ਕਰਦਾ ਸੀ।
ਉਨ੍ਹਾਂ ਨਾਲ ਹੀ ਦੱਸਿਆ ਕਿ ਤਸਕਰ ਵਲੋਂ ਵੱਡੇ ਪੱਧਰ ਦੀ ਸਪਲਾਈ ਕੀਤੀ ਜਾਂਦੀ ਸੀ ਅਤੇ ਨਾਲ ਹੀ ਹੁਸ਼ਿਆਰਪੁਰ ਅਤੇ ਮੋਹਾਲੀ 'ਚ ਦੋ ਮਾਮਲੇ ਵੀ ਦਰਜ ਹਨ।