ਅੰਮ੍ਰਿਤਸਰ: ਕੈਬਿਨੇਟ ਮੰਤਰੀ ਹਰਸਿਮਰਤ ਕੌਰ ਬਾਦਲ ਸੋਮਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।
ਅਰਦਾਸ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਮੀਡੀਆ ਨਾਲ ਖ਼ਾਲਿਸਤਾਨ ਸਮਰਥਕ ਗੋਪਾਲ ਚਾਵਲਾ ਬਾਰੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਖ਼ੁਸ਼ੀ ਹੈ ਕਿ ਅੱਤਵਾਦ ਨੂੰ ਸ਼ੈਅ ਦੇਣ ਵਾਲੇ ਗੋਪਾਲ ਚਾਵਲਾ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ (ਪੀਐੱਸਜੀਪੀਸੀ) ਵਿੱਚੋਂ ਬਾਹਰ ਕੱਢ ਦਿੱਤਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਾਕਿਸਤਾਨ ਅੱਤਵਾਦ ਨੂੰ ਪਾਲ ਰਿਹਾ ਹੈ ਅਤੇ ਪੂਰੀ ਦੁਨੀਆਂ 'ਚ ਹੁਣ ਪਾਕਿਸਤਾਨ ਅੱਤਵਾਦੀ ਦੇਸ਼ ਵਜੋਂ ਜਾਣਿਆਂ ਜਾਣ ਲੱਗਾ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਭਾਰਤ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਦੀ ਬੇਕਸੂਰ ਜਨਤਾ ਨੂੰ ਮਾਰ ਰਿਹਾ ਹੈ। ਭਾਰਤ ਨੇ ਜਦੋਂ ਪਾਕਿਸਤਾਨ ਦੀਆਂ ਅੱਤਵਾਦੀ ਹਰਕਤਾਂ ਨੂੰ ਜੱਗ ਜ਼ਾਹਰ ਕੀਤਾ ਤਾਂ ਉਸ ਤੋਂ ਬਾਅਦ ਵੱਡੇ-ਵੱਡੇ ਅੱਤਵਾਦੀਆਂ ਨੂੰ ਗਲੋਬਲ ਟੈਰਾਰਿਸਟ ਦਾ ਦਰਜਾ ਦਿੱਤਾ ਗਿਆ ਹੈ।
ਹਰਸਿਮਰਤ ਬਾਦਲ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਬੇਨਤੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਸਬੰਧੀ ਸਜਾਏ ਜਾ ਰਹੇ ਨਗਰ ਕੀਰਤਨ 'ਚ ਸ਼ਾਮਲ ਹੋਣ ਲਈ ਭਾਰਤ ਤੋਂ ਪਾਕਿਸਤਾਨ 30 ਜੁਲਾਈ ਨੂੰ ਜਾਣ ਵਾਲੇ ਜਥੇ ਦਾ ਸਵਾਗਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਪੂਰਬ ਮੌਕੇ ਰਾਜਨੀਤੀ ਨਾ ਖੇਡੀ ਜਾਵੇ।
ਉਨ੍ਹਾਂ ਕਿਹਾ ਕਿ ਗੋਪਾਲ ਚਾਵਲਾ ਨੂੰ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣਾ ਖ਼ਾਸ ਬਣਾਇਆ ਹੋਇਆ ਹੈ। ਚਾਵਲਾ, ਹਾਫ਼ਿਜ਼ ਸਈਦ ਵਰਗੇ ਅੱਤਵਾਦੀ ਨਾਲ ਮਿਲ ਕੇ ਅੱਤਵਾਦ ਨੂੰ ਸ਼ੈਅ ਦੇ ਰਿਹਾ ਹੈ। ਜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਸ ਵਿਰੁੱਧ ਕੋਈ ਕਦਮ ਨਹੀਂ ਚੁੱਕਦੇ ਤਾਂ ਉਹ ਆਪਣੇ ਦੇਸ਼ ਦੀ ਜਨਤਾ ਦਾ ਨੁਕਸਾਨ ਕਰਨਗੇ।