ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਵਿਖੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਜੋਤੀ ਜੋਤ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸੰਗਤ ਨੇ ਦਰਬਾਰ ਸਾਹਿਬ ਨਤਮਸਤਕ ਹੋ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ।
ਇਸ ਮੌਕੇ ਸ਼ਰਧਾਲੂ ਸਤਨਾਮ ਸਿੰਘ ਨੇ ਦੱਸਿਆ ਕਿ ਉਹ ਗੁਰੂ ਰਾਮਦਾਸ ਜੀ ਦੇ ਜੋਤੀ ਜੋਤ ਦਿਹਾੜੇ ਨੂੰ ਸਮਰਪਿਤ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਨੇ ਸਿੱਖ ਕੌਮ 'ਤੇ ਪਰਉਪਕਾਰ ਕੀਤਾ ਤੇ ਇਹ ਪਵਿੱਤਰ ਸਥਾਨ ਬਖ਼ਸ਼ਿਆ, ਜਿੱਥੇ ਦੁਖੀਆਂ ਦੇ ਦੁੱਖ ਦੂਰ ਹੁੰਦੇ ਹਨ ਤੇ ਨਿਮਾਣਿਆਂ ਨੂੰ ਮਾਣ ਤੇ ਨਿਤਾਣਿਆਂ ਨੂੰ ਤਾਣ ਮਿਲਦਾ ਹੈ।
ਉਨ੍ਹਾਂ ਕਿਹਾ ਕਿ ਸੰਗਤਾਂ ਦੇ ਦਰਸ਼ਨ ਕਰਕੇ ਦਿਲ ਖੁਸ਼ ਹੋਇਆ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸੰਗਤਾਂ ਦੇ ਲਈ ਸੈਨੇਟਾਈਜ਼ਰ, ਡਾਕਟਰੀ ਟੀਮਾਂ ਦਾ ਪ੍ਰਬੰਧ ਕੀਤਾ ਹੋਇਆ ਹੈ ਅਤੇ ਸੰਗਤਾਂ ਮਾਸਕ ਨਾਲ ਮੂੰਹ ਢੱਕ ਕੇ ਜਾ ਰਹੀਆਂ ਹਨ।
ਸਤਨਾਮ ਸਿੰਘ ਨੇ ਕਿਹਾ ਕਿ ਜਿੱਥੇ ਗੁਰੂ ਸਾਹਿਬ ਨੇ ਸੂਫ਼ੀ ਫ਼ਕੀਰ ਮੀਆਂ ਮੀਰ ਜੀ ਤੋਂ ਦਰਬਾਰ ਸਾਹਿਬ ਦੀ ਨੀਂਹ ਰੱਖ ਕੇ ਚਹੁੰ ਵਰਨਾਂ ਨੂੰ ਸਾਂਝਾ ਉਪਦੇਸ਼ ਦਿੱਤਾ, ਉੱਥੇ ਹੀ ਲੰਗਰ ਹਾਲ ਬਣਾ ਕੇ ਲੋੜਵੰਦਾਂ ਦੀ ਜ਼ਰੂਰਤ ਪੂਰੀ ਕੀਤੀ।
ਉਨ੍ਹਾਂ ਕਿਹਾ ਕਿ ਸੰਗਤਾਂ ਇਸ਼ਨਾਨ ਕਰਕੇ ਨਤਮਸਤਕ ਹੋ ਕੇ ਇਕੱਠੇ ਬੈਠ ਕੇ ਪ੍ਰਸ਼ਾਦਾ ਛਕਦੀਆਂ ਹਨ, ਜਿਸ ਕਾਰਨ ਹਰ ਪ੍ਰਕਾਰ ਦਾ ਭੇਦਭਾਵ ਖ਼ਤਮ ਹੁੰਦਾ ਹੈ। ਸਤਨਾਮ ਸਿੰਘ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬ ਜੀ ਦੇ ਜੀਵਨ ਤੋਂ ਸਿੱਖਿਆ ਲੈਂਦੇ ਹੋਏ ਕਮਜ਼ੋਰ ਤੇ ਬੇਸਹਾਰਾ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਕਿਉਂਕਿ ਗੁਰੂ ਸਾਹਿਬ ਨੇ ਜਿੱਥੇ ਦੁਖੀ ਲੋਕਾਂ ਦਾ ਸਾਥ ਦਿੱਤਾ, ਉੱਥੇ ਹੀ ਕਮਜ਼ੋਰਾਂ ਨੂੰ ਗਲ ਨਾਲ ਲਾਇਆ।
ਉਨ੍ਹਾਂ ਕਿਹਾ ਕਿ ਸਾਨੂੰ ਬਿਨਾਂ ਕਿਸੇ ਵਿਰੋਧ ਤੋਂ ਏਕਤਾ ਰੱਖ ਕੇ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਅਤੇ ਗੁਰੂ ਘਰ ਨਾਲ ਜੁੜਨਾ ਚਾਹੀਦਾ ਹੈ ਅਤੇ ਆਪਣੇ ਦਿਲ ਦੇ ਵਲਵਲੇ ਪਾਤਸ਼ਾਹ ਨੂੰ ਦੱਸਣੇ ਚਾਹੀਦੇ ਹੈ ਤਾਂ ਜੋ ਘਰ ਵਿੱਚ ਸੁੱਖ ਸ਼ਾਂਤੀ ਰਹੇ।