ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥ ਗਿਆਨੀ ਜਗਤਾਰ ਸਿੰਘ ਦਾ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਰਕੇ ਦੇਹਾਂਤ ਹੋ ਗਿਆ ਸੀ। ਅੱਜ ਉਹਨਾਂ ਦੇ ਅੰਤਿਮ ਸੰਸਕਾਰ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਪਹੁੰਚੇ। ਬੀਬੀ ਜਗੀਰ ਕੌਰ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਗਿਆ ਕਿ ਗਿਆਨੀ ਜਗਤਾਰ ਸਿੰਘ ਨੇ ਸਾਰੀ ਜ਼ਿੰਦਗੀ ਆਪਣੀ ਸ਼੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਵਜੋਂ ਸੇਵਾ ਨਿਭਾਈ ਹੈ। ਉਨ੍ਹਾਂ ਦਾ ਜੀਵਨ ਬਹੁਤ ਸਾਦਾ ਸੀ ਅਤੇ ਉਹਨਾਂ ਵੱਲੋਂ ਗੁਰੂ ਸਾਹਿਬਾਨ ਦੀ ਓਟ ਦੇ ਨਾਲ ਹੀ ਆਪਣਾ ਜੀਵਨ ਵੀ ਚਲਾਇਆ ਜਾ ਰਿਹਾ।
ਕੀ ਬੋਲੇ ਸ਼੍ਰੋਮਣੀ ਕਮੇਟੀ ਪ੍ਰਧਾਨ : ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਗਿਆਨੀ ਜਗਤਾਰ ਸਿੰਘ ਇੱਕ ਮਹਾਨ ਸਖਸ਼ੀਅਤ ਸਨ। ਉਨ੍ਹਾਂ ਦੇ ਸਰੀਰਕ ਵਿਛੋੜੇ ਦਾ ਦੁੱਖ ਉਨ੍ਹਾਂ ਦੇ ਪਰਿਵਾਰ ਨੂੰ ਹੈ, ਉੱਥੇ ਹੀ ਸਿੱਖ ਸੰਗਤਾਂ ਦੇ ਵਿੱਚ ਵੀ ਕਾਫ਼ੀ ਦੁੱਖ ਪਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਗਿਆਨੀ ਜਗਤਾਰ ਸਿੰਘ ਵੱਲੋਂ ਇੱਕ ਸਹਿਜ ਪਾਠ ਆਰੰਭ ਕੀਤਾ ਗਿਆ ਸੀ, ਜਿਸ ਦੇ ਪਾਠ ਦੇ ਭੋਗ ਪੰਜ ਤਰੀਕ ਨੂੰ ਪਾਏ ਜਾਣਗੇ। ਉਨ੍ਹਾਂ ਦੀ ਅੰਤਿਮ ਅਰਦਾਸ ਵੀ ਪੰਜ ਤਰੀਕ ਨੂੰ ਹੀ ਕੀਤੀ ਜਾਵੇਗੀ।
ਇੱਥੇ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਗਿਆਨੀ ਜਗਤਾਰ ਸਿੰਘ ਨੂੰ ਦਿਲ ਦਾ ਦੌਰਾ ਪਿਆ ਸੀ। ਉਨ੍ਹਾਂ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਸੇਵਾ ਨਿਭਾਈ ਗਈ ਸੀ। ਉਹਨਾਂ ਦੇ ਸਰੀਰਿਕ ਵਿਛੋੜੇ ਤੋਂ ਬਾਅਦ ਸ਼੍ਰੋਮਣੀ ਕਮੇਟੀ ਵਿੱਚ ਵੀ ਕਾਫੀ ਗਮ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਸੀ। ਅੱਜ ਉਨ੍ਹਾਂ ਦੇ ਅੰਤਿਮ ਸਸਕਾਰ ਵਿੱਚ ਵੱਡੀਆਂ ਸ਼ਖ਼ਸੀਅਤਾਂ ਪਹੁੰਚੀਆਂ।