ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਨਾਲ ਹੋਈ ਕਿਸਾਨਾਂ ਦੀ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਮੁਸਾਫ਼ਰ ਗੱਡੀਆਂ ਦੀਆਂ ਆਮਦ 'ਤੇ ਹਾਂ ਪੱਖੀ ਹੁੰਗਾਰਾ ਭਰ ਦਿੱਤਾ ਸੀ ਤੇ ਉਸ ਤੋਂ ਬਾਅਦ ਅੰਮ੍ਰਿਤਸਰ 'ਚ ਪਹਿਲੀ ਮੁਸਾਫ਼ਰ ਗੱਡੀ ਪੁੱਜੀ। ਦੱਸ ਦਈਏ ਕਿ ਇਹ ਮੁੰਬਈ ਤੋਂ ਅੰਮ੍ਰਿਤਸਰ ਪਹੁੰਚੀ।
ਮੁਸਾਫ਼ਰਾਂ ਨੂੰ ਖਜਲ ਖੁਆਰੀ
ਮੁਸਾਫ਼ਰਾਂ ਨੂੰ ਖਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੱਸਿਆ ਕਿ 5 ਵੱਜੇ ਪਹੁੰਚਣ ਵਾਲੀ ਗੱਡੀ 8:30 ਪਹੁੰਚੀ। ਕਾਫ਼ੀ ਥਾਂਵਾਂ 'ਤੇ ਗੱਡੀ ਨੂੰ ਰੋਕਿਆ ਗਿਆ ਤੇ ਬਾਅਦ 'ਚ ਟ੍ਰੈਨ ਦਾ ਰੂਟ ਬਦਲ ਦਿੱਤਾ ਗਿਆ ਤੇ ਉਹ 3:30 ਘੰਟੇ ਦੇਰੀ ਨਾਲ ਅੰਮ੍ਰਿਤਸਰ ਪਹੁੰਚੇ।
ਗੱਡੀ ਦਾ ਲੇਟ ਹੋਣ ਦੀ ਵਜ੍ਹਾ
ਭਾਂਵੇ ਕਿਸਾਨ ਜਥੇਬੰਦੀਆਂ ਨੇ ਮੁਸਾਫ਼ਰ ਗੱਡੀਆਂ ਲਈ ਹਾਂ- ਪੱਖੀ ਹੁੰਗਾਰਾ ਭਰ ਦਿੱਤਾ ਹੈ ਪਰ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਆਪਣੀ ਗੱਲ਼ 'ਤੇ ਡੱਟੇ ਰਹੇ ਤੇ ਰੇਲ ਪਟੜੀਆਂ ਤੋਂ ਨਹੀਂ ਉੱਠੇ। ਜਿਸ ਕਾਰਨ ਟ੍ਰੈਨ ਨੂੰ ਰੂਟ ਬਦਲਣਾ ਪਿਆ।
ਮੁਸਾਫ਼ਰਾਂ ਲਈ ਕੀਤੇ ਪੁਖ਼ਤਾ ਪ੍ਰਬੰਧ
ਜ਼ਿਲ੍ਹਾ ਪ੍ਰਸ਼ਾਸਨ ਨੇ ਮੁਸਾਫ਼ਰਾਂ ਲਈ ਪੁਖ਼ਤਾ ਪ੍ਰਬੰਧ ਕੀਤੇ। ਉਨ੍ਹਾਂ ਦੇ ਨਾਸ਼ਤੇ ਦਾ ਪ੍ਰਬੰਧ ਕੀਤਾ ਗਿਆ ਤੇ ਉਨ੍ਹਾਂ ਨੂੰ ਘਰ ਤੱਕ ਛੱਡਣ ਲਈ ਬਸਾਂ ਦੇ ਵੀ ਪ੍ਰਬੰਧ ਕੀਤੇ ਗਏ ਸਨ।ਇਸ ਬਾਰੇ ਮੁਸਾਫ਼ਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਸ਼ਲਾਘਾ ਕੀਤੀ। ਜ਼ਿਕਰਯੋਗ ਹੈ ਕਿ ਡਿਪਟੀ ਕਮੀਸ਼ਨਰ ਸਣੇ ਵੱਡੇ ਅਧਿਕਾਰੀ ਸਵੇਰ 6 ਵਜੇ ਸਟੇਸ਼ਨ ਮੁਸਾਫ਼ਰਾਂ ਦੀ ਸਾਰ ਲੈਣ ਪਹੁੰਚ ਗਏ ਹਨ।
ਡਿਪਟੀ ਕਮੀਸ਼ਨਰ ਨੇ ਦਿੱਤੀ ਜਾਣਕਾਰੀ
ਡਿਪਟੀ ਕਮੀਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਕਿਸਾਨ ਆਗੂਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਆਪਣੀ ਗੱਲ 'ਤੇ ਅਡਿੱਗ ਰਹੇ। ਉਨ੍ਹਾਂ ਕਿਹਾ ਕਿ ਰੇਲ ਮੰਤਰਾਲੇ ਨਾਲ ਗੱਲ ਜਾਰੀ ਹੈ ਤੇ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।