ਅੰਮ੍ਰਿਤਸਰ: ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੇ ਯੂਟਿਊਬ ਚੈਨਲ ਜਿੱਤੇਗਾ ਪੰਜਾਬ ਰਾਹੀਂ ਮੁੜ ਜਨਤਾ ਦੇ ਰੂ-ਬ-ਰੂ ਹੋਏ। ਇਸ ਦੌਰਾਨ ਉਨ੍ਹਾਂ ਧਰਮ ਯੁੱਧ ਦਾ ਐਲਾਨ ਕੀਤਾ।
ਸਰਕਾਰਾਂ ਤੇ ਸਿਸਟਮ ਉੱਤੇ ਚੁੱਕੇ ਸਵਾਲ
ਨਵਜੋਤ ਸਿੰਘ ਸਿੱਧੂ ਨੇ ਸਰਕਾਰਾਂ ਅਤੇ ਸਿਸਟਮ ਉੱਤੇ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਸਿਸਟਮ ਨਾਲ ਲੜੇ, ਇਸੇ ਦਾ ਨਤੀਜਾ ਹੈ ਕਿ ਉਨ੍ਹਾਂ ਨੂੰ ਵਾਰ-ਵਾਰ ਦਰਕਿਨਾਰ ਕੀਤਾ ਜਾਂਦਾ ਰਿਹਾ। ਉਨ੍ਹਾਂ ਕਿਹਾ ਕਿ ਲੜਾਈ ਵਿਚਾਰਧਾਰਾ ਦੀ ਹੈ, ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ।
ਕਿਸੇ ਨਾਲ ਸਮਝੌਤਾ ਨਹੀਂ
ਸਿੱਧੂ ਨੇ ਕਿਹਾ ਕਿ ਜਾਂ ਤਾਂ ਮਿਲ ਕੇ ਕੰਮ ਕਰ ਲਓ ਜਾਂ ਫਿਰ ਲਾਂਭੇ ਹੋ ਜਾਓ ਪਰ ਉਨ੍ਹਾਂ ਕਦੇ ਕਿਸੇ ਨਾਲ ਸਮਝੌਤਾ ਨਹੀਂ ਕੀਤਾ ਤੇ ਸਿਸਟਮ ਵਿੱਚ ਰਹਿ ਕੇ ਇਸ ਦਾ ਵਿਰੋਧ ਕੀਤਾ। ਪੰਜਾਬ ਵੱਡਾ ਸੰਤਾਪ ਹੰਢਾਅ ਚੁੱਕਿਆ ਹੈ ਤੇ ਜਦੋਂ ਲੋਕ ਇਕੱਠੇ ਹੁੰਦੇ ਹਨ ਤਾਂ ਸਿਸਟਮ ਵੀ ਹਾਰ ਜਾਂਦਾ ਹੈ।
ਦੱਸ ਦਈਏ ਕਿ ਨਵਜੋਤ ਸਿੱਧੂ ਨੇ ਲੰਘੇ ਸਨਿੱਚਰਵਾਰ ਨੂੰ ਜਿੱਤੇਗਾ ਪੰਜਾਬ ਨਾਂਅ ਦਾ ਯੂਟਿਊਬ ਚੈਨਲ ਲਾਂਚ ਕੀਤਾ। ਇਸ ਰਾਹੀਂ ਲੋਕ ਸਿੱਧੇ ਤੌਰ ਉੱਤੇ ਨਵਜੋਤ ਸਿੱਧੂ ਨਾਲ ਜੁੜ ਸਕਦੇ ਹਨ।