ਅੰਮ੍ਰਿਤਸਰ: ਸ਼ਹਿਰ ਦੇ ਬਾਨੀ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਹਰ ਸਾਲ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ ਵਿਖੇ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਵੀ 2 ਨਵੰਬਰ ਨੂੰ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਵੇਗੀ।
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਫੈਡਰੇਸ਼ਨ ਹੋਟਲ ਅਤੇ ਗੈਸਟ ਹਾਊਸ ਐਸੋਸੀਏਸ਼ਨ ਵੱਲੋਂ ਅੰਮ੍ਰਿਤਸਰ ਤੋਂ ਬਾਹਰ ਆਉਣ ਵਾਲੀ ਸੰਗਤ ਨੂੰ ਮੁਫ਼ਤ ਕਮਰੇ ਦਿੱਤੇ ਜਾਣਗੇ ਤੇ ਉਨ੍ਹਾਂ ਦੀ ਆਉਭਗਤ ਕੀਤੀ ਜਾਵੇਗੀ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਫੈਡਰੇਸ਼ਨ ਹੋਟਲ ਅਤੇ ਗੈਸਟ ਹਾਊਸ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਨੇ ਕਿਹਾ ਕਿ ਉਹ 18 ਸਾਲਾਂ ਤੋਂ ਪ੍ਰਧਾਨਗੀ ਦੀ ਸੇਵਾ ਨਿਭਾ ਰਹੇ ਹਨ।
ਗੁਰੂ ਦੀ ਕਿਰਪਾ ਨਾਲ ਰੋਟੀ ਪਾਣੀ ਛੱਕ ਰਹੇ ਹਾਂ ਤੇ ਗੁਰੂ ਦੀ ਰਹਿਮਤ ਨਾਲ ਸਾਡੇ ਛੋਟੇ-ਛੋਟੇ ਗੈਸਟ ਵੱਡੇ-ਵੱਡੇ ਹੋਟਲਾਂ ਵਿੱਚ ਤਬਦੀਲ ਹੋ ਗਏ। ਇਸ ਲਈ ਉਹ ਸ੍ਰੀ ਗੁਰੂ ਰਾਮਦਸ ਜੀ ਦੇ ਪ੍ਰਕਾਸ਼ ਮੌਕੇ ਆਪਣੇ ਵੱਲੋਂ ਸੇਵਾ ਦਾ ਹਿੱਸਾ ਪਾਉਂਦੇ ਹਨ।
ਇਸ ਤਹਿਤ ਉਨ੍ਹਾਂ ਦੀ ਫੈਡਰੇਸ਼ਨ ਵੱਲੋਂ ਹਰ ਸਾਲ 400 ਕਮਰੇ ਸੰਗਤਾਂ ਨੂੰ ਮੁਫ਼ਤ ਦਿੱਤੇ ਜਾਂਦੇ ਹਨ ਪਰ ਇਸ ਵਾਰ ਕੋਰੋਨਾ ਕਰਕੇ ਥੋੜਾ ਆਰਥਿਕ ਸਮੱਸਿਆਵਾਂ ਹਨ, ਜਿਸ ਕਰਕੇ ਇਸ ਵਾਰ ਪ੍ਰਕਾਸ਼ ਪੁਰਬ ਮੌਕੇ 250 ਦੇ ਕਰੀਬ ਕਮਰੇ ਸੰਗਤ ਨੂੰ ਦਿੱਤੇ ਜਾਣਗੇ। ਪ੍ਰਧਾਨ ਸੁਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਦਰਬਾਰ ਸਾਹਿਬ ਅੱਗੇ ਸੰਗਤਾਂ ਨੂੰ ਬੇਨਤੀ ਕਰਕੇ ਹੋਟਲ ਲਿਆਇਆ ਜਾਵੇਗਾ ਤੇ ਹਰ ਤਰਾਂ ਦੀ ਸੰਭਵ ਸੇਵਾ ਕੀਤੀ ਜਾਵੇਗੀ।