ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਦੇ ਇੱਕ ਪਿੰਡ ਵਿੱਚ ਦਿਨ ਦਿਹਾੜੇ ਇਕ ਪਿਤਾ ਵੱਲੋਂ ਆਪਣੀ ਹੀ ਲੜਕੀ ਦੇ ਚਰਿੱਤਰ ਉੱਤੇ ਸ਼ੱਕ ਕਰਦਿਆਂ ਕਥਿਤ ਤੌਰ ਉੱਤੇ ਉਸਦਾ ਬਹੁਤ ਹੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਇਸ ਮਾਮਲੇ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ ਇਸ ਪਿਓ ਨੇ ਇੱਥੇ ਹੀ ਬੱਸ ਨਹੀਂ ਕੀਤੀ ਸਗੋਂ ਕਤਲ ਤੋਂ ਬਾਅਦ ਆਪਣੇ ਗੁੱਸੇ ਨੂੰ ਸ਼ਾਂਤ ਕਰਨ ਲਈ ਮ੍ਰਿਤਕ ਲੜਕੀ ਦੀ ਲਾਸ਼ ਨੂੰ ਮੋਟਰਸਾਈਕਲ ਪਿੱਛੇ ਬੰਨ ਕੇ ਘੜੀਸਿਆ ਅਤੇ ਇਸ ਤੋਂ ਬਾਅਦ ਉਸਨੇ ਲਾਸ਼ ਨੂੰ ਰੇਲਵੇ ਲਾਈਨ ਨੇੜੇ ਲਿਆ ਕੇ ਸੁੱਟ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ: ਇਸ ਵਾਰਦਾਤ ਤੋਂ ਬਾਅਦ ਪਿੰਡ ਦੇ ਲੋਕਾਂ ਵਿੱਚ ਕਾਫੀ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪੂਰੇ ਇਲਾਕੇ ਵਿੱਚ ਇਸ ਘਟਨਾ ਦੀ ਚਰਚਾ ਹੈ। ਘਟਨਾ ਦੀ ਜਾਣਕਾਰੀ ਮਿਲਣ ਉੱਤੇ ਪੁਲਿਸ ਚੌਂਕੀ ਟਾਂਗਰਾ ਦੇ ਇੰਚਾਰਜ ਹਰਦੀਪ ਸਿੰਘ, ਅਵਤਾਰ ਸਿੰਘ ਐੱਸਐੱਚਓ ਥਾਣਾਂ ਤਰਸਿਕਾ, ਡੀਐੱਸਪੀ ਜੰਡਿਆਲਾ ਗੁਰੂ ਕੁਲਦੀਪ ਸਿੰਘ, ਡੀਐੱਸਪੀ ਬਾਬਾ ਬਕਾਲਾ ਸਾਹਿਬ ਸੁਖਵਿੰਦਰਪਾਲ ਸਿੰਘ ਵੱਡੀ ਗਿਣਤੀ ਵਿੱਚ ਪੁਲਿਸ ਪਾਰਟੀ ਸਣੇ ਮੌਕੇ ਉੱਤੇ ਪੁੱਜੇ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸੀਸੀਟੀਵੀ ਵਿੱਚ ਕੈਦ ਹੋਈ ਵਾਰਦਾਤ: ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਕਥਿਤ ਮੁਲਜ਼ਮ ਦਲਬੀਰ ਸਿੰਘ ਨੇ ਆਪਣੀ ਲੜਕੀ ਦੇ ਚਰਿੱਤਰ ਉੱਤੇ ਕਥਿਤ ਸ਼ੱਕ ਦੇ ਚਲਦਿਆਂ ਤੇਜ਼ਧਾਰ ਹਥਿਆਰ ਨਾਲ ਉਕਤ ਘਟਨਾ ਨੂੰ ਅੰਜਾਮ ਦਿੱਤਾ ਹੈ। ਮ੍ਰਿਤਕ ਲੜਕੀ ਦੀ ਲਾਸ਼ ਨੂੰ ਮੋਟਰਸਾਈਕਲ ਨਾਲ ਘੜੀਸਦੇ ਦੀ ਉਕਤ ਵੀਡਿਉ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਦੂਜੇ ਪਾਸੇ ਲਾਸ਼ ਨੂੰ ਕਬਜੇ ਵਿਚ ਲੈ ਕੇ ਪੁਲਿਸ ਵੱਲੋਂ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਫਿਲਹਾਲ ਪੁਲਿਸ ਜਾਂਚ ਜਾਰੀ ਹੈ ਅਤੇ ਪੁਲਿਸ ਟੀਮ ਵਲੋਂ ਕਥਿਤ ਮੁਲਜ਼ਮ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।