ਅੰਮ੍ਰਿਤਸਰ: ਜ਼ਿਲ੍ਹੇ ਵਿੱਚ ਇੱਕ ਪਰਿਵਾਰ ਪੈਟਰੋਲ ਦੀਆਂ ਬੋਲਤਾਂ ਲੈ ਕੇ ਥਾਣੇ ਦੇ ਬਾਹਰ ਖੁਦਕੁਸ਼ੀ ਕਰਨ ਪਹੁੰਚਿਆਂ। ਦਰਾਅਸਰ ਜ਼ਿਲ੍ਹੇ ਦੇ ਗੇਟ ਹਕੀਮਾਂ ਅੰਦਰ ਤੰਦੂਰੀ ਚਿਕਨ ਵੇਚਣ ਵਾਲੇ ਦੁਕਾਨਦਾਰ ਤੋਂ ਇੱਕ ਗਾਹਕ ਨੇ ਤੰਦੂਰੀ ਚਿਕਨ ਖ਼ਰੀਦਣ ਤੋਂ ਬਾਅਦ ਪੈਸੇ ਪੂਰੇ ਨਹੀ ਦਿੱਤੇ। ਜਦੋਂ ਦੁਕਾਨਦਾਰ ਨੇ ਪੈਸੇ ਮੰਗੇ, ਤਾਂ ਗਾਹਕ ਨੇ ਦੁਕਾਨਦਾਰ ਉੱਤੇ ਬੋਤਲਾਂ ਨਾਲ ਹਮਲਾ ਕਰ ਦਿੱਤਾ ਤੇ ਉਸ ਨੂੰ ਜਖਮੀ ਕਰ ਦਿੱਤਾ। ਇਸ ਸਾਰੇ ਮਾਮਲੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ। ਪੀੜਤ ਪਰਿਵਾਰ ਦਾ ਇਲਜ਼ਾਮ ਹੈ ਕਿ ਸ਼ਿਕਾਇਤ ਕਰਨ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ ਹੈ।
ਕਾਰਵਾਈ ਨਾ ਹੋਣ ਤੋਂ ਨਾਰਾਜ਼ ਪਰਿਵਾਰ: ਪੀੜਤ ਰਮੇਸ਼ ਕੁਮਾਰ ਨੇ ਦੱਸਿਆ ਕਿ ਗੇਟ ਹਕੀਮਾਂ ਇਲਾਕੇ ਦੇ ਪ੍ਰਧਾਨ ਨੇ ਬਦਮਾਸ਼ੀ ਕਰਦੇ ਹੋਏ ਉਹਨਾਂ ਦਾ ਕੁੱਟਮਾਰ ਕੀਤੀ ਹੈ ਤੇ ਜਦੋਂ ਉਹਨਾਂ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਂ ਪੁਲਿਸ ਵੀ ਉਸ ਨਾਲ ਮਿਲ ਗਈ ਤੇ ਕੋਈ ਕਾਰਵਾਈ ਨਹੀਂ ਹੋਈ ਹੈ। ਪੀੜਤ ਪਰਿਵਾਰ ਨੇ ਕਿਹਾ ਕਿ ਸ਼ਿਕਾਇਤ ਦਿੱਤੀ ਨੂੰ 2 ਮਹੀਨੇ ਬੀਤ ਜਾਣ ਦੇ ਬਾਅਦ ਅੱਜ ਉਹ ਅੱਕ ਕੇ ਥਾਣੇ ਬਾਹਰ ਖੁਦਕੁਸ਼ੀ ਕਰਨ ਲਈ ਪਹੁੰਚੇ ਹਨ ਤਾਂ ਜੋ ਪੁਲਿਸ ਉਹਨਾਂ ਨੂੰ ਇਨਸਾਫ ਦੇ ਸਕੇ।
ਪਰਿਵਾਰ ਨੇ ਕਿਹਾ ਕਿ ਇਲਾਕੇ ਦੀ ਪ੍ਰਧਾਨ ਗੁੱਡੀ ਵੱਲੋਂ ਗੁੰਡੇ-ਬਦਮਾਸ਼ਾਂ ਰਾਹੀਂ ਸ਼ਰੇਆਮ ਗੁੰਡਾਗਰਦੀ ਕਰਵਾਈ ਜਾਂਦੀ ਹੈ, ਪਰ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਹੈ। ਪਰਿਵਾਰ ਨੇ ਕਿਹਾ ਕਿ ਵਿਰੋਧੀ ਧਿਰ ਵਲੋਂ ਕੀਤੀ ਗੁੰਡਾਗਰਦੀ ਦੀ ਵੀਡੀਓ ਵੀ ਉਨ੍ਹਾਂ ਕੋਲ ਹੈ।
ਏਸੀਪੀ ਨੇ ਕਿਹਾ- ਮੈਂ ਖੁਦ ਜਾ ਕੇ ਕਰਾਂਗਾ ਜਾਂਚ: ਇਸ ਸੰਬਧੀ ਮੌਕੇ ਉੱਤੇ ਪਹੁੰਚੇ ਏਸੀਪੀ ਸੈਂਟਰਲ ਸੁਰਿੰਦਰ ਸਿੰਘ ਨੇ ਦੱਸਿਆ ਕਿ ਅਸੀ ਮੌਕੇ ਉੱਤੇ ਪਹੁੰਚ ਕੇ ਗੱਲਬਾਤ ਕੀਤੀ ਹੈ। ਜਲਦ ਹੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਦੋ ਤਿੰਨ ਮਹੀਨੇ ਪਹਿਲਾਂ ਪੀੜਿਤ ਵੱਲੋ ਸ਼ਿਕਾਇਤ ਕੀਤੀ ਗਈ ਸੀ ਅਤੇ ਥਾਣਾ ਇੰਚਾਰਜ ਨੂੰ ਕਾਰਵਾਈ ਕਰਨ ਲਈ ਵੀ ਕਿਹਾ ਗਿਆ ਸੀ, ਪਰ ਬਾਅਦ ਵਿੱਚ ਇਨ੍ਹਾਂ ਵੱਲੋ ਮੇਰੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਮੈ ਖੁਦ ਜਾ ਕੇ ਇਸ ਮਾਮਲੇ ਦੀ ਜਾਂਚ ਕਰਾਂਗਾ।