ਅੰਮ੍ਰਿਤਸਰ: ਜਾਣੀਆ ਪਿੰਡ ਨੇੜੇ ਐਸਟੀਐਫ ਅਤੇ ਨਸ਼ਾ ਤਸਕਰਾਂ ਵਿਚਾਲੇ ਮੁਕਾਬਲਾ ਹੋਇਆ। ਇਸ ਮੁਕਾਬਲੇ ਵਿੱਚ ਐਸਟੀਐਫ ਦੇ ਇਕ ਕਾਂਸਟੇਬਲ ਦੀ ਮੌਤ ਹੋ ਗਈ ਹੈ। ਨਸ਼ਾ ਤਸਕਰ ਫ਼ਰਾਰ ਹੋ ਗਏ ਹਨ ਜਿਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਇਲਾਕੇ ਵਿੱਚ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਜਲੰਧਰ ਦੀ ਐਸਟੀਐਫ ਦੀ ਇਕ ਟੀਮ ਤਲਵੰਡੀ ਚੌਧਰੀਆਂ ਤੋਂ ਇਕ ਨਸ਼ਾ ਤਸਕਰ ਦਾ ਪਿੱਛਾ ਕਰਦੀ ਹੋਈ ਅੰਮ੍ਰਿਤਸਰ- ਤਰਨਤਾਰਨ ਰੋਡ ਨੇੜੇ ਪੈਂਦੇ ਪਿੰਡ ਜਾਣੀਆਂ ਕੋਲ ਪਹੁੰਚੀ। ਨਸ਼ਾ ਤਸਕਰ ਮੋਟਰਸਾਈਕਲ ਉੱਤੇ ਸਵਾਰ ਸੀ ਪਰ ਜਦੋਂ ਪੁਲਿਸ ਉਸ ਨੂੰ ਫੜ੍ਹਨ ਲਈ ਅੱਗੇ ਵਧੀ ਤਾਂ ਦੋਸ਼ੀ ਨੇ ਪੁਲਿਸ ਉੱਤੇ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਇੱਕ ਗੋਲੀ ਐਸਟੀਐਫ ਦੇ ਇਕ ਕਾਂਸਟੇਬਲ ਗੁਰਦੀਪ ਸਿੰਘ ਦੀ ਲੱਗ ਗਈ ਅਤੇ ਉਹ ਜ਼ਖ਼ਮੀ ਹੋ ਗਿਆ।
ਗੁਰਦੀਪ ਸਿੰਘ ਨੂੰ ਤੁਰੰਤ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਗੁਰਦੀਪ ਸਿੰਘ ਜਲੰਧਰ ਦਾ ਹੀ ਰਹਿਣ ਵਾਲਾ ਸੀ। ਮੁਲਜ਼ਮ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਪੁਲਿਸ ਉਸ ਨੂੰ ਲੱਭਣ ਲਈ ਖੇਤਾਂ ਵਿੱਚ ਛਾਣਬੀਣ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਐਸਟੀਐਫ ਤੇ ਨਸ਼ਾ ਤਸਕਰਾਂ ਵਿਚਕਾਰ ਬੀਤੀ ਰਾਤ ਵੀ ਮੁਕਾਬਲਾ ਹੋਇਆ ਸੀ ਜਿਸ ਵਿੱਚ ਐਸਟੀਐਫ ਨੇ 3 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲ਼ੀ ਸਿੱਕਾ ਬਰਾਮਦ ਕੀਤਾ ਸੀ।