ਅੰਮ੍ਰਿਤਸਰ: ਮ੍ਰਿਤਕ ਹਰਨੂਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਰਨੂਰ ਕੱਲ੍ਹ ਸਕੂਲ ਜਾਣ ਲਈ ਨਿਕਲਿਆ ਸੀ, ਪਰ ਬਾਅਦ ਵਿੱਚ ਸਿਰਫ ਉਸਦਾ ਬੈਗ ਹੀ ਮਿਲਿਆ ਸੀ। ਮ੍ਰਿਤਕ ਦੇਹ ਮਿਲਣ ਸਬੰਧੀ ਉਨ੍ਹਾਂ ਕਿਹਾ ਕਿ ਉਹ ਸਵੇਰੇ ਬਾਬਾ ਬਕਾਲਾ ਸਾਹਿਬ ਮੱਥਾ ਟੇਕਣ ਗਏ ਸੀ ਜਿਸ ਤੋਂ ਬਾਅਦ ਜਦੋਂ ਉਹ ਵਾਪਿਸ ਆਏ ਤਾਂ ਸ਼ੱਕ ਪੈਣ ‘ਤੇ ਜਦੋਂ ਉਨ੍ਹਾਂ ਛੱਪੜ ਤਰਫ ਦੇਖਿਆ ਤਾਂ ਉਸ ਵਿੱਚ ਬੈਲਟ ਦਿਖੀ ਅਤੇ ਗੌਰ ਕਰਨ ‘ਤੇ ਉਨ੍ਹਾਂ ਦੇ ਪੁੱਤ ਹਰਨੂਰ ਸਿੰਘ ਦੀ ਲਾਸ਼ ਬਰਾਮਦ ਹੋਈ ਹੈ।
ਉਨ੍ਹਾਂ ਕਿਹਾ ਕਿ ਪਰਿਵਾਰ ਦੀ ਕਿਸੇ ਨਾਲ ਰੰਜਿਸ਼ ਨਹੀਂ ਹੈ, ਪਰ ਇਸ ਸਭ ਦੇ ਪਿੱਛੇ ਕੌਣ ਹੈ ਇਹ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ। ਡੀਐਸਪੀ ਹਰਕ੍ਰਿਸ਼ਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ 12 ਅਗਸਤ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਛਾਪਿਆਂਵਾਲੀ ਤੋਂ ਹਰਨੂਰ ਸਿੰਘ (14) ਨਾਮ ਦਾ ਲੜਕਾ ਕਿਸੇ ਨੇ ਅਗਵਾ ਕਰ ਲਿਆ ਹੈ ਜਿਸ ਤੋਂ ਬਾਅਦ ਪੁਲਿਸ ਟੀਮਾਂ ਨੇ ਵੱਖ-ਵੱਖ ਪਹਿਲੂਆਂ ‘ਤੇ ਜਾਂਚ ਆਰੰਭ ਕੀਤੀ।
ਇਸ ਦੌਰਾਨ ਉਨ੍ਹਾਂ ਨੂੰ ਪਤਾ ਚੱਲਿਆ ਕਿ ਹਰਨੂਰ ਸਿੰਘ ਦੀ ਲਾਸ਼ ਛੱਪੜ ਵਿੱਚੋਂ ਮਿਲੀ ਹੈ, ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਪੁਲਿਸ ਨੇ ਧਾਰਾ 365 ਆਈਪੀਸੀ ਤਹਿਤ ਕੇਸ ਦਰਜ ਕੀਤਾ ਸੀ, ਜਿਸ ਨੂੰ ਹੁਣ 302 ਵਿੱਚ ਬਦਲ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਹਾਊਸ ਭੇਜਿਆ ਗਿਆ ਹੈ, ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।