ਅੰਮ੍ਰਿਤਸਰ: ਪੰਜਾਬ ਸਰਕਾਰ ਤੇ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼ੁੱਕਰਵਾਰ ਨੂੰ ਪੰਜਾਬ ਭਰ ਵਿੱਚ ਪੰਜਾਬ ਪੁਲਿਸ ਵੱਲੋਂ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ। ਇਸੇ ਤਰ੍ਹਾਂ ਹੀ ਸਪੈਸ਼ਲ ਚੈਕਿੰਗ ਮੁਹਿੰਮ ਤਹਿਤ ਡੀਆਈਜੀ ਬਲਜੋਤ ਸਿੰਘ ਰਾਠੌਰ ਵੱਲੋਂ ਜੰਡਿਆਲਾ ਨੇੜੇ ਜਲੰਧਰ-ਅੰਮ੍ਰਿਤਸਰ ਮੁੱਖ ਸੜਕ ਉੱਤੇ ਆਪਣਾ (DIG Baljot Singh Rathore checked the vehicles) ਕਾਫ਼ਲੇ ਰੋਕ ਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਗਈ।
ਡੀਆਈਜੀ ਬਲਜੋਤ ਸਿੰਘ ਰਾਠੌਰ ਨੇ ਸਪੈਸ਼ਲ ਚੈਕਿੰਗ ਕੀਤੀ:- ਇਸ ਚੈਕਿੰਗ ਦੌਰਾਨ ਗੱਲਬਾਤ ਕਰਦੇ ਹੋਏ ਡੀਆਈਜੀ ਜੀਆਰਪੀ ਬਲਜੋਤ ਸਿੰਘ ਰਾਠੌਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਗੌਰਵ ਯਾਦਵ ਵੱਲੋਂ ਚਲਾਈ ਵਿਸ਼ੇਸ ਮੁਹਿੰਮ ਤਹਿਤ ਇਹ ਸਪੈਸ਼ਲ ਚੈਕਿੰਗ ਮੁਹਿੰਮ ਹੈ। ਜਿਸ ਦੇ ਤਹਿਤ ਬੱਸਾਂ ਕਾਰਾਂ 2 ਪਹਿਆ ਵਾਹਨ ਅਤੇ ਸਫ਼ਰ ਕਰ ਰਹੇ ਹੋਰਨਾਂ ਲੋਕਾਂ ਦਾ ਸਮਾਨ ਚੈੱਕ ਕੀਤਾ ਗਿਆ ਹੈ। ਉਨਾਂ ਕਿਹਾ ਕਿ ਉਕਤ ਮੁਹਿੰਮ ਦਾ ਮੁੱਖ ਮਕਸਦ ਆਮ ਪਬਲਿਕ ਨੂੰ ਜਨਤਕ ਸਥਾਨਾਂ ਉੱਤੇ ਚੌਕੰਨੇ ਅਤੇ ਸੁਰੱਖਿਅਤ ਰਹਿਣ ਪ੍ਰਤੀ ਜਾਗਰੂਕ ਕਰਨ ਤੋਂ ਇਲਾਵਾ ਕੁਝ ਅਫਵਾਹਾਂ ਕਾਰਨ ਲੋਕਾਂ ਦੇ ਮਨਾਂ ਵਿੱਚ ਬੈਠੇ ਗੈਂਗਸਟਰਾਂ ਦੇ ਡਰ ਨੂੰ ਬਾਹਰ ਕੱਢਣਾ ਵੀ ਹੈ।
ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖੀ ਜਾਵੇਗੀ:- ਡੀਆਈਜੀ ਬਲਜੋਤ ਸਿੰਘ ਰਾਠੌਰ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਬੈਠੇ ਕੁੱਝ ਸਮਾਜ ਵਿਰੋਧੀ ਅਨਸਰ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ। ਜੋਕਿ ਪੰਜਾਬ ਪੁਲਿਸ ਵੱਲੋਂ ਕਦੇ ਵੀ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖੀ ਜਾਵੇਗੀ। ਡੀ.ਆਈ.ਜੀ ਬਲਜੋਤ ਸਿੰਘ ਰਾਠੌਰ ਨੇ ਕਿਹਾ ਕਿ ਬੀਤੇ ਸਮੇਂ ਦੌਰਾਨ ਵਾਪਰੀਆਂ ਵੱਖ-ਵੱਖ ਘਟਨਾਵਾਂ ਨੂੰ ਪੁਲਿਸ ਵੱਲੋਂ ਟ੍ਰੇਸ ਕੀਤਾ ਗਿਆ ਹੈ ਅਤੇ ਅਜਿਹੇ ਮਾਮਲਿਆਂ ਵਿੱਚ ਸ਼ਾਮਲ ਮੁਲਜ਼ਮ ਪੁਲਿਸ ਵੱਲੋਂ ਕਾਬੂ ਕੀਤੇ ਗਏ ਹਨ।
ਪੁਲਿਸ-ਪਬਲਿਕ ਦਰਮਿਆਨ ਭਰੋਸੇਯੋਗਤਾ ਹੋਣਾ ਬਹੁਤ ਜਰੂਰੀ:-ਇਸ ਚੈਕਿੰਗ ਦੌਰਾਨ ਉਨ੍ਹਾਂ ਬੱਸ ਅਤੇ ਹੋਰਨਾਂ ਵਾਹਨਾਂ ਉੱਤੇ ਸਫ਼ਰ ਕਰ ਰਹੇ ਲੋਕਾਂ ਨੂੰ ਅਪੀਲ ਕਰਦਿਆਂ ਡੀਆਈਜੀ ਬਲਜੋਤ ਸਿੰਘ ਰਾਠੌਰ ਨੇ ਕਿਹਾ ਕਿ ਮਾੜੇ ਅਨਸਰਾਂ ਉੱਤੇ ਕਾਬੂ ਪਾਉਣ ਲਈ ਪੁਲਿਸ ਪਬਲਿਕ ਦਰਮਿਆਨ ਭਰੋਸੇਯੋਗਤਾ ਹੋਣਾ ਬਹੁਤ ਜਰੂਰੀ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਗਤੀਵਿਧੀ ਨੂੰ ਰੋਕਣ ਲਈ ਲੋਕ ਪੁਲਿਸ ਨੂੰ ਸਹਿਯੋਗ ਦੇਣ। ਉਨਾਂ ਕਿਹਾ ਕਿ ਅਜਿਹੀਆਂ ਖ਼ਾਸ ਮੁਹਿੰਮ ਪੰਜਾਬ ਭਰ ਵਿੱਚ ਅੱਗੇ ਵੀ ਜਾਰੀ ਰਹਿਣਗੀਆਂ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਦੇ ਵਿੱਚ ਪੁਲਿਸ ਦਾ ਖੌਫ ਅਤੇ ਹਰ ਆਮ ਨਾਗਰਿਕ ਆਪਣੇ ਆਪ ਨੂੰ ਸੁਰੱਖਿਅਤ ਸਮਝ ਸਕੇ।
ਇਹ ਵੀ ਪੜੋ:- ਸਰਹੱਦ ਪਾਰੋਂ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ ਦੋ ਮੁੱਖ ਦੋਸ਼ੀ ਗ੍ਰਿਫਤਾਰ: 10 ਕਿਲੋ ਹੈਰੋਇਨ, ਹਾਈਟੈਕ ਡਰੋਨ ਬਰਾਮਦ